ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਦਸੰਬਰ
ਮੁੱਖ ਅੰਸ਼
- ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਬਕਾਇਆ ਮੰਗਾਂ ਵੀ ਮੰਨੀਆਂ
- ਸੰਯੁਕਤ ਕਿਸਾਨ ਮੋਰਚਾ ਕਾਇਮ ਰੱਖਣ ਦਾ ਲਿਆ ਫ਼ੈਸਲਾ
- ਅੰਦੋਲਨ ਖ਼ਤਮ ਨਹੀਂ ਸਗੋਂ ਮੁਲਤਵੀ ਹੋਇਆ: ਯੋਗੇਂਦਰ ਯਾਦਵ
ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਬਾਰਡਰਾਂ ’ਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਆਪਣੇ ਮੋਰਚੇ ਨੂੰ ਚੁੱਕਣ ਦਾ ਅੱਜ ਰਸਮੀ ਐਲਾਨ ਕਰ ਦਿੱਤਾ ਹੈ। ਮੋਰਚੇ ਵੱਲੋਂ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਮੇਤ ਪੰਜਾਬ ਤੋਂ ਬਾਹਰ ਲੱਗੇ ਹੋਰ ਮੋਰਚੇ ਵੀ 11 ਦਸੰਬਰ ਤੋਂ ਖਾਲੀ ਕੀਤੇ ਜਾਣਗੇ। ਦਿੱਲੀ ਦੇ ਮੋਰਚਿਆਂ ਤੋਂ 11 ਦਸੰਬਰ ਨੂੰ ਫ਼ਤਹਿ ਮਾਰਚ ਨਾਲ ਕਿਸਾਨਾਂ ਦੀ ਘਰਾਂ ਨੂੰ ਵਾਪਸੀ ਹੋਵੇਗੀ। ਕਿਸਾਨਾਂ ਦੀਆਂ ਬਕਾਇਆ ਮੰਗਾਂ ਸਵੀਕਾਰ ਕਰਨ ਬਾਰੇ ਕੇਂਦਰ ਸਰਕਾਰ ਦੇ ਖੇਤੀਬਾੜੀ ਸੱਕਤਰ ਸੰਜੈ ਅਗਰਵਾਲ ਦੇ ਦਸਤਖ਼ਤਾਂ ਵਾਲਾ ਪੱਤਰ ਅੱਜ ਮਿਲਣ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਇਹ ਐਲਾਨ ਕੀਤਾ ਜਿਨ੍ਹਾਂ ’ਚ ਅੰਦੋਲਨਕਾਰੀਆਂ ਖ਼ਿਲਾਫ਼ ਪੁਲੀਸ ਕੇਸ ਬਿਨਾਂ ਸ਼ਰਤ ਤੋਂ ਵਾਪਸ ਲੈਣ ਦੀ ਮੰਗ ਵੀ ਸ਼ਾਮਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ 15 ਜਨਵਰੀ ਨੂੰ ਮੁੜ ਮੀਟਿੰਗ ਕਰਕੇ ਇਸ ਗੱਲ ਦਾ ਜਾਇਜ਼ਾ ਲੈਣਗੇ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਦੀ ਸਮਾਪਤੀ ਨਹੀਂ ਹੈ ਅਤੇ ਜੇਕਰ ਸਰਕਾਰ ਨੇ ਕੁਝ ਗੜਬੜ ਕੀਤੀ ਤਾਂ ਉਹ ਮੁੜ ਅੰਦੋਲਨ ਕਰਨਗੇ। ਸਰਕਾਰ ਨੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਇਕ ਕਮੇਟੀ ਬਣਾਈ ਜਾਵੇਗੀ ਜਿਸ ’ਚ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਵੀ ਸ਼ਾਮਲ ਹੋਣਗੇ। ਮੋਰਚੇ ਨੇ ਐਲਾਨ ਕੀਤਾ ਕਿ 13 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ’ਚ ਉਹ ਵਿਸ਼ੇਸ਼ ਤੌਰ ’ਤੇ ਮੱਥਾ ਟੇਕਣ ਲਈ ਜਾਣਗੇ।
ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ,‘‘ਇਹ ਅੰਦੋਲਨ ਦੀ ਸਮਾਪਤੀ ਨਹੀਂ ਹੈ ਬਲਕਿ ਇਸ ਨੂੰ ਮੁਲਤਵੀ ਕੀਤਾ ਗਿਆ ਹੈ। ਅਸੀਂ 15 ਜਨਵਰੀ ਨੂੰ ਮੁੜ ਬੈਠਕ ਕਰਨ ਦਾ ਫ਼ੈਸਲਾ ਲਿਆ ਹੈ।’’ ਮੋਰਚੇ ਦੇ ਇਕ ਹੋਰ ਮੈਂਬਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ 15 ਜਨਵਰੀ ਨੂੰ ਮੀਟਿੰਗ ਕਰਕੇ ਇਹ ਦੇਖਿਆ ਜਾਵੇਗਾ ਕਿ ਕੀ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਜਾਂ ਨਹੀਂ। ‘ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਅਸੀਂ ਅੰਦੋਲਨ ਸ਼ੁਰੂ ਕਰਨ ਦਾ ਮੁੜ ਸੱਦਾ ਦੇ ਸਕਦੇ ਹਾਂ।’ ਆਗੂਆਂ ਨੇ ਕਿਹਾ ਕਿ ਕਿਸਾਨ 11 ਦਸੰਬਰ ਨੂੰ ਜੇਤੂ ਮਾਰਚ ਵੀ ਕੱਢਣਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੋਂ ਮੋਰਚੇ ਚੁੱਕਣ ’ਚ ਅਜੇ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਾਇਮ ਰਹੇਗਾ। ਕਿਸਾਨਾਂ ਦੀ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਸ਼ਿਵ ਕੁਮਾਰ ਕੱਕਾ ਨੇ ਅੰਦੋਲਨ ਦੌਰਾਨ ਸਥਾਨਕ ਲੋਕਾਂ ਅਤੇ ਕਾਰੋਬਾਰੀਆਂ ਨੂੰ ਆਈਆਂ ਮੁਸ਼ਕਲਾਂ ਲਈ ਮੋਰਚੇ ਵੱਲੋਂ ਮੁਆਫ਼ੀ ਮੰਗੀ।
ਇਕ ਹੋਰ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਨੇ ਯੂਪੀ, ਉੱਤਰਾਖੰਡ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ’ਚ ਕਿਸਾਨਾਂ ਖ਼ਿਲਾਫ਼ ਦਰਜ ਕੇਸ ਫੌਰੀ ਵਾਪਸ ਲੈਣ ਦੀ ਗੱਲ ਆਖੀ ਹੈ। ‘ਸਰਕਾਰ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਵਿਚਾਰ ਵਟਾਂਦਰੇ ਮਗਰੋਂ ਸੰਸਦ ’ਚ ਬਿਜਲੀ ਬਿੱਲ ਪੇਸ਼ ਕੀਤਾ ਜਾਵੇਗਾ।’ ਸ੍ਰੀ ਯਾਦਵ ਨੇ ਕਿਹਾ ਕਿ ਕਿਸਾਨ ਸ਼ੁੱਕਰਵਾਰ ਨੂੰ ਹੀ ਘਰ ਵਾਪਸੀ ਕਰਨਾ ਚਾਹੁੰਦੇ ਸਨ ਪਰ ਭਲਕੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਹੋਰ ਫ਼ੌਜੀ ਅਧਿਕਾਰੀਆਂ ਦਾ ਅੰਤਿਮ ਸੰਸਕਾਰ ਹੋਣ ਕਾਰਨ ਹੁਣ ਉਹ ਸ਼ਨਿਚਰਵਾਰ ਨੂੰ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਦੋਲਨ ਅਜੇ ਖ਼ਤਮ ਨਹੀਂ ਹੋਇਆ ਹੈ ਸਗੋਂ ਇਸ ਨੂੰ ਮੁਲਤਵੀ ਕੀਤਾ ਗਿਆ ਹੈ। ‘ਐੱਮਐੱਸਪੀ ਲਈ ਸੰਘਰਸ਼ ਅਜੇ ਜਾਰੀ ਹੈ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਜੇ ਸਲਾਖਾਂ ਪਿੱਛੇ ਬੰਦ ਨਹੀਂ ਹੋਏ ਹਨ। ਅਸੀਂ 15 ਜਨਵਰੀ ਨੂੰ ਫ਼ੈਸਲਾ ਲਵਾਂਗੇ ਕਿ ਸੰਘਰਸ਼ ਨੂੰ ਅੱਗੇ ਕਿਵੇਂ ਵਧਾਇਆ ਜਾਵੇ।’ ਮੋਰਚੇ ਵੱਲੋਂ ਸ਼ਾਮ ਨੂੰ ਸਿੰਘੂ ਬਾਰਡਰ ’ਤੇ ਅਰਦਾਸ ਕੀਤੀ ਗਈ। ਕਿਸਾਨਾਂ ਵੱਲੋਂ ਮੋਰਚਿਆਂ ਤੋਂ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਤੇ ਹੋਰ ਰਾਜਾਂ ਤੋਂ ਖਾਲੀ ਟਰਾਲੀਆਂ ਮੋਰਚਿਆਂ ’ਤੇ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਮੋਰਚਾ ਜਿੱਤ ਕੇ ਆਉਣ ਵਾਲੇ ਕਿਸਾਨਾਂ ਦੇ ਸਵਾਗਤ ਲਈ ਸਜਾਵਟੀ ਦੁਆਰ ਬਣਾਏ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਟਰੇਡ ਯੂਨੀਅਨਾਂ, ਮਹਿਲਾ ਸੰਗਠਨਾਂ, ਨੌਜਵਾਨ ਅਤੇ ਵਿਦਿਆਰਥੀ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਇਸ ਅੰਦੋਲਨ ਵਿੱਚ ਕਿਸਾਨਾਂ ਨਾਲ ਸੰਘਰਸ਼ ਕੀਤਾ। ਕਾਨੂੰਨੀ ਸਹਾਇਤਾ ਅਤੇ ਏਕਤਾ ਵਧਾਉਣ ਵਾਲੇ ਵਕੀਲਾਂ, ਮੈਡੀਕਲ ਕੈਂਪ ਲਗਾਉਣ ਵਾਲੇ ਅਤੇ ਆਪਣੀਆਂ ਅਣਥੱਕ ਸੇਵਾਵਾਂ ਦੇਣ ਵਾਲੇ ਡਾਕਟਰਾਂ, ਵੱਖ-ਵੱਖ ਧਾਰਮਿਕ ਸੰਸਥਾਵਾਂ ਜਿਨ੍ਹਾਂ ਨੇ ਲੰਗਰ ਲਗਾਏ, ਵੱਖ-ਵੱਖ ਅਗਾਂਹਵਧੂ ਜਥੇਬੰਦੀਆਂ, ਕਲਾਕਾਰਾਂ, ਜਥੇਬੰਦਕ ਮੀਟਿੰਗਾਂ ਚਲਾਉਣ ਲਈ ਜਗ੍ਹਾ ਦੇਣ ਵਾਲੇ ਲੋਕਾਂ, ਪਰਵਾਸੀ ਭਾਰਤੀਆਂ ਅਤੇ ਅੰਤਰਰਾਸ਼ਟਰੀ ਕਿਸਾਨ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਕੱਲ੍ਹ10 ਦਸੰਬਰ ਨੂੰ ਟਿਕਰੀ ਬਾਰਡਰ ’ਤੇ ਪੰਜਾਬ ਵਿਚਲੇ ਮੋਰਚਿਆਂ ਵਿੱਚ ਜਥੇਬੰਦੀ ਵੱਲੋਂ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਵੇਗਾ।
ਸਿਆਸਤ ’ਚ ਜਾਣ ਦੇ ਇੱਛੁਕ ਕਿਸਾਨ ਮੋਰਚਾ ਛੱਡ ਦੇਣ: ਦਰਸ਼ਨਪਾਲ
ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ’ਚ ਹਾਲਾਤ ਬਦਲਣ ਲਈ ਕਿਸਾਨ ਜਥੇਬੰਦੀਆਂ ਨੂੰ ਸਿਆਸੀ ਪਾਰਟੀ ਨਹੀਂ ਸਗੋਂ ਪ੍ਰੈਸ਼ਰ ਗਰੁੱਪ ਬਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਆਗੂ ਸਿਆਸਤ ’ਚ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਰਚੇ ਨੂੰ 19 ਨਵੰਬਰ ਨੂੰ ਹੀ 60 ਫ਼ੀਸਦ ਜਿੱਤ ਹਾਸਲ ਹੋ ਗਈ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ ਅਤੇ 35 ਫ਼ੀਸਦ ਜਿੱਤ ਅੱਜ ਮਿਲੀ ਹੈ।
– ਬਲਬੀਰ ਸਿੰਘ ਰਾਜੇਵਾਲ
<!–
<!–
–>
<!–
ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਅਸੀਂ ਅੰਦੋਲਨ ਦਾ ਮੁੜ ਸੱਦਾ ਦੇ ਸਕਦੇ ਹਾਂ। ਕਿਸਾਨਾਂ ਤੇ ਲੋਕਾਂ ਨੂੰ ਸਰਕਾਰ ਦੇ ਫੈਸਲਿਆਂ ’ਤੇ ਨਜ਼ਰ ਰੱਖਣੀ ਪਵੇਗੀ।
– ਗੁਰਨਾਮ ਸਿੰਘ ਚੜੂਨੀ
<!–
<!–
–>
<!–
–>
<!–
ਦਿੱਲੀ ਦੇ ਬਾਰਡਰਾਂ ਤੋਂ ਮੋਰਚੇ ਚੁੱਕਣ ’ਚ ਅਜੇ ਸਮਾਂ ਲੱਗ ਸਕਦਾ ਹੈ। ਸੰਯੁਕਤ ਕਿਸਾਨ ਮੋਰਚਾ ਕਾਇਮ ਰਹੇਗਾ।
– ਰਾਕੇਸ਼ ਟਿਕੈਤ
<!–
<!–
–>
<!–
<!–
–>
<!–
–>
<!–
–>