ਨਵੀਂ ਦਿੱਲੀ, 5 ਸਤੰਬਰ
ਭਾਜਪਾ ਆਗੂ ਵਰੁਣ ਗਾਂਧੀ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਆਪਣਾ ਹੀ ਮਾਸ ਤੇ ਖ਼ੂਨ’ ਕਰਾਰ ਦਿੰਦਿਆਂ ਅੱਜ ਕਿਹਾ ਕਿ ਮੋਦੀ ਸਰਕਾਰ ਨੂੰ ਇਕ ਆਮ ਸਹਿਮਤੀ ਬਣਾਉਣ ਲਈ ਕਿਸਾਨਾਂ ਨਾਲ ਮੁੜ ਸੰਵਾਦ ਸ਼ੁਰੂ ਕਰਨਾ ਚਾਹੀਦਾ ਹੈ। ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਸਰਕਾਰੀ ਇੰਟਰ ਕਾਲਜ ਮੈਦਾਨ ਵਿੱਚ ਜੁੜੀ ਮਹਾਪੰਚਾਇਤ ’ਚ ਮੌਜੂਦ ਵੱਡੀ ਗਿਣਤੀ ਕਿਸਾਨਾਂ ਦੀ ਇਕ ਛੋਟੀ ਵੀਡੀਓ ਟਵਿੱਟਰ ’ਤੇ ਪੋਸਟ ਕਰਦਿਆਂ ਕਿਹਾ, ‘‘ਮੁਜ਼ੱਫਰਨਗਰ ਵਿੱਚ ਅੱਜ ਲੱਖਾਂ ਕਿਸਾਨ ਵਿਰੋਧ ਲਈ ਜੁੜੇ ਹਨ। ਉਹ ਸਾਡਾ ਆਪਣਾ ਮਾਸ ਤੇ ਖ਼ੂਨ ਹਨ। ਅੱਜ ਲੋੜ ਹੈ ਕਿ ਅਸੀਂ ਬੜੇ ਸਤਿਕਾਰ ਨਾਲ ਉਨ੍ਹਾਂ ਨਾਲ ਮੁੜ ਸੰਵਾਦ ਸ਼ੁਰੂ ਕਰੀਏ। ਉਨ੍ਹਾਂ ਦੀ ਪੀੜ ਤੇ ਉਨ੍ਹਾਂ ਦੇ ਨਜ਼ਰੀਏ ਨੂੰ ਸਮਝੀਏ ਤੇ ਇਕ ਆਮ ਸਹਿਮਤੀ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰੀਏ।’’ -ਪੀਟੀਆਈ