ਨਵੀਂ ਦਿੱਲੀ, 16 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ, ਭਾਰਤ ਦੀ ਤਾਕਤ ਹਨ ਅਤੇ ਜੇ ਉਨ੍ਹਾਂ ਦੀ ਗੱਲ ਸੁਣੀ ਤੇ ਸਮਝੀ ਜਾਵੇ ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਗਾਂਧੀ ਨੇ ਹਰਿਆਣਾ ਦੇ ਸੋਨੀਪਤ ’ਚ ਪੈਂਦੇ ਪਿੰਡ ਮਦੀਨਾ ਵਿੱਚ ਝੋਨੇ ਦੇ ਖੇਤਾਂ ਦੇ ਦੌਰੇ ਦੀ ਅੱਠ ਜੁਲਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਬਾਰਾਂ ਮਿੰਟਾਂ ਦੀ ਇਸ ਯੂਟਿਊਬ ਵੀਡੀਓ ਵਿੱਚ ਉਹ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦੇ, ਝੋਨਾ ਲਾਉਂਦੇ ਅਤੇ ਕਿਸਾਨਾਂ ਨਾਲ ਮੰਜੇ ’ਤੇ ਬਹਿ ਕੇ ਰੋਟੀ ਖਾਂਦੇ ਦਿਖਾਈ ਦਿੱਤੇ।
ਵੀਡੀਓ ਦੀ ਛੋਟੀ ਜਿਹੀ ਕਲਿਪ ਸਾਂਝੀ ਕਰਦਿਆਂ ਗਾਂਧੀ ਨੇ ਟਵੀਟ ਕੀਤਾ,‘ਮੈਂ ਸੋਨੀਪਤ ਵਿੱਚ ਦੋ ਕਿਸਾਨਾਂ ਸੰਜੇ ਮਲਿਕ ਤੇ ਤਸਬੀਰ ਕੁਮਾਰ ਨੂੰ ਮਿਲਿਆ ਜੋ ਬਚਪਨ ਦੇ ਮਿੱਤਰ ਹਨ ਅਤੇ ਕਈ ਸਾਲਾਂ ਤੋਂ ਇਕੱਠੇ ਖੇਤੀਬਾੜੀ ਕਰ ਰਹੇ ਹਨ। ਅਸੀਂ ਰਲ ਕੇ ਝੋਨਾ ਲਾਇਆ, ਟਰੈਕਟਰ ਚਲਾਇਆ ਤੇ ਕਈ ਮਸਲਿਆਂ ’ਤੇ ਚਰਚਾ ਕੀਤੀ। ਪਿੰਡ ਦੀਆਂ ਮਹਿਲਾ ਕਿਸਾਨਾਂ ਨੇ ਆਪਣੇ ਪਰਿਵਾਰਕ ਜੀਆਂ ਵਾਂਗ ਸਾਨੂੰ ਆਪਣੇਪਣ ਦਾ ਅਹਿਸਾਸ ਦਿਵਾਇਆ।’ ਗਾਂਧੀ ਨੇ ਕਿਹਾ, ‘ਭਾਰਤ ਦੇ ਕਿਸਾਨ ਇਮਾਨਦਾਰ ਤੇ ਸਿਆਣੇ ਹਨ, ਉਹ ਆਪਣੇ ਹੱਕਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ, ਲੋੜ ਪੈਣ ’ਤੇ ਉਹ ਕਾਲੇ ਕਾਨੂੰਨਾਂ ਖ਼ਿਲਾਫ਼ ਡਟ ਕੇ ਖੜ੍ਹ ਜਾਂਦੇ ਹਨ ਤੇ ਆਪਣੀਆਂ ਦੇ ਹੱਕ ਵਿੱਚ ਆਵਾਜ਼ ਚੁੱਕਦੇ ਹਨ। ਜੇ ਅਸੀਂ ਉਨ੍ਹਾਂ ਦੀ ਗੱਲ ਸੁਣੀਏ ਤਾਂ ਦੇਸ਼ ਦੇ ਕਈ ਮਸਲੇ ਹੱਲ ਹੋ ਸਕਦੇ ਹਨ।’ ਕਾਂਗਰਸ ਨੇ ਟਵਿੱਟਰ ’ਤੇ ਕਿਹਾ, ‘ਕਿਸਾਨਾਂ ਨੇ ਭਾਰਤ ਨੂੰ ਜੋੜਨ ’ਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਉਗਾਇਆ ਜਾਂਦਾ ਅਨਾਜ ਦੇਸ਼ ਦੀ ਹਰ ਥਾਲੀ ਦਾ ਹਿੱਸਾ ਬਣਦਾ ਹੈ ਪਰ ਉਨ੍ਹਾਂ ਦੀ ‘ਤਪੱਸਿਆ’ ਦਾ ਮੁੱਲ ਨਹੀਂ ਪੈ ਰਿਹਾ ਹੈ, ਜਿਸ ਸਨਮਾਨ ਦੇ ਉਹ ਹੱਕਦਾਰ ਹਨ, ਉਹ ਉਸ ਤੋਂ ਵਾਂਝੇ ਹਨ। ਗਾਂਧੀ ਦੀ ਵੀਡੀਓ ਸ਼ੇਅਰ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਿਲ ਕੇ ਆਪਣੀ ਭਾਰਤ ਜੋੜੋ ਯਾਤਰਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ। -ਪੀਟੀਆਈ