* ਹਰਿਆਣਾ ਪੁਲੀਸ ਨੇ ਰੇਵਾਸਨ ਮੇਵਾਤ ਵਿੱਚ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ
* ਕਿਸਾਨ ਮੋਰਚਿਆਂ ’ਤੇ ਮਨਾਈ ਜਾਵੇਗੀ ਮਹਾਤਮਾ ਜੋਤਬਿਾ ਫੂਲੇ ਦੀ ਜੈਅੰਤੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਪਰੈਲ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੁੰਡਲੀ-ਮਾਨੇਸਰ-ਪਲਵਲ (ਕੇ.ਐਮ.ਪੀ.) ਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਹਾਈਵੇਅ ਨੂੰ 24 ਘੰਟਿਆਂ ਲਈ ਜਾਮ ਕਰ ਦਿੱਤਾ ਗਿਆ ਹੈ। ਇਹ ਮਾਰਗ ਦਿੱਲੀ ਦੀਆਂ ਹੱਦਾਂ ਨੂੰ ਜੋੜਦਾ ਹੈ। ਹਾਲਾਂਕਿ ਲੋਕਾਂ ਦੇ ਪੂਰਨ ਸਹਿਯੋਗ ਸਦਕਾ ਕਿਸਾਨਾਂ ਦਾ ਇਹ ਪ੍ਰੋਗਰਾਮ ਸਫ਼ਲ ਸਾਬਿਤ ਹੋਇਆ ਹੈ ਤੇ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਸ਼ਨਿਚਰਵਾਰ ਸਵੇਰ ਤੋਂ ਹੀ ਕਿਸਾਨ ਹਾਈਵੇਅ ’ਤੇ ਪਹੁੰਚਣੇ ਸ਼ੁਰੂ ਹੋ ਗਏ। ਇਸ ਸੜਕ ਨੂੰ ਰੋਕਣ ਲਈ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਔਰਤਾਂ ਪੰਜਾਬ ਤੇ ਹਰਿਆਣਾ ਤੋਂ ਪਹੁੰਚੀਆਂ। ਕਿਸਾਨ ਆਗੂਆਂ ਨੇ ਅੱਜ ਦੇ ਜਾਮ ਨੂੰ ਚਿਤਾਵਨੀ ਵਜੋਂ ਪੇਸ਼ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਸਰਕਾਰ ’ਤੇ ਦਬਾਅ ਬਣਾਉਣ ਲਈ ਇਸ ਤਰ੍ਹਾਂ ਦੇ ਹੋਰ ਢੰਗ-ਤਰੀਕੇ ਵਰਤੇ ਜਾਣਗੇ। ਮੋਰਚੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੇਐਮਪੀ (ਕੁੰਡਲੀ-ਮਾਨੇਸਰ-ਪਲਵਲ) ਰੋਡ ’ਤੇ ਸਵੇਰੇ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਜਾਮ ਸ਼ੁਰੂ ਕਰ ਦਿੱਤਾ ਗਿਆ ਜੋ ਭਲਕੇ ਸਵੇਰੇ 8 ਵਜੇ ਤੱਕ ਜਾਰੀ ਰਹੇਗਾ। ਸਵੇਰੇ ਹੀ ਕਿਸਾਨਾਂ ਨੇ ਗਾਜ਼ੀਪੁਰ ਸਰਹੱਦ ’ਤੇ ਡਾਸਨਾ ਪਲਾਜ਼ਾ ਨੂੰ ਜਾਮ ਕਰ ਦਿੱਤਾ। ਸਿੰਘੂ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਗਵਾਈ ਵਿਚ ਤਿੰਨ ਥਾਵਾਂ ’ਤੇ ਕੇ.ਐਮ.ਪੀ. ਜਾਮ ਹੋਇਆ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਭਲਕੇ ਸਮਾਜ ਸੁਧਾਰਕ ਮਹਾਤਮਾ ਜੋਤਬਿਾ ਫੂਲੇ ਜੈਅੰਤੀ ਦਿੱਲੀ ਦੇ ਮੋਰਚਿਆਂ ’ਤੇ ਮਨਾਈ ਜਾਵੇਗੀ। ਜੋਤਬਿਾ ਫੂਲੇ ਦੇ ਸਨਮਾਨ ਵਿਚ ਸ਼ੋਸ਼ਣ ਮੁਕਤ ਸਮਾਜ ਲਈ ਪ੍ਰੋਗਰਾਮ ਕੀਤੇ ਜਾਣਗੇ। ਇਸੇ ਦੌਰਾਨ ਹਰਿਆਣਾ ਪੁਲੀਸ ਨੇ ਰੇਵਾਸਨ ਮੇਵਾਤ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕੁਝ ਨਾਲ ਕੁੱਟਮਾਰ ਵੀ ਕੀਤੀ ਗਈ।
‘ਕਿਸਾਨਾਂ ਤੇ ਮਜ਼ਦੂਰਾਂ ਵਿਚਾਲੇ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ’ਚ ਖੱਟਰ ਸਰਕਾਰ’
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ 14 ਅਪਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਸਾਨਾਂ ਅਤੇ ਮਜ਼ਦੂਰਾਂ ’ਚ ਟਕਰਾਅ ਪੈਦਾ ਕਰਨ ਦੇ ਮਕਸਦ ਨਾਲ ਸਿੰਘੂ ਸਰਹੱਦ ਨੇੜੇ ਇੱਕ ਪ੍ਰੋਗਰਾਮ ਰੱਖਿਆ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਕੈਥਲ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੈ। ਹਰਿਆਣੇ ਦੇ ਕਿਸਾਨ ਲਗਾਤਾਰ ਭਾਜਪਾ-ਜੇਜੇਪੀ ਸਰਕਾਰ ਦਾ ਸਮਾਜਿਕ ਬਾਈਕਾਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਆਪਣੇ ਪ੍ਰੋਗਰਾਮਾਂ ਨੂੰ ਇਸ ਤਰ੍ਹਾਂ ਪੇਸ਼ ਕਰ ਸਕਦੀ ਹੈ ਕਿ ਕਿਸਾਨ ਦਲਿਤਾਂ ਨਾਲ ਜੁੜੇ ਪ੍ਰੋਗਰਾਮਾਂ ਦੀ ਆਗਿਆ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਤਰ੍ਹਾਂ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣ ਦੇਣਗੇ, ਪਰ ਭਾਜਪਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਖੱਟਰ ਸਰਕਾਰ ਇਹ ਪ੍ਰੋਗਰਾਮ ਦਲਿਤਾਂ ਅਤੇ ਕਿਸਾਨਾਂ ’ਚ ਵਿਰੋਧ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਮੋਰਚਾ ਹਰਿਆਣਾ ਦੀਆਂ ਸਾਰੀਆਂ ਦਲਿਤ ਬਹੁਜਨ ਜਥੇਬੰਦੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਖੱਟਰ ਸਰਕਾਰ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ।