ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਮਾਰਚ
ਮਾਲਵੇ ਦੇ ਧੁਰ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਦੇ ਕਿਸਾਨਾਂ ਦੇ ਸੰਘਰਸ਼ ਦੀ ਗਾਥਾ ਪੈਪਸੂ ਮੁਜਾਰਾ ਲਹਿਰ 72 ਸਾਲ ਬਾਅਦ ਅੱਜ ਫਿਰ ਕੌਮੀ ਪੱਧਰ ਉਪਰ ਯਾਦ ਕੀਤੀ ਗਈ। ਦਿੱਲੀ ਦੀਆਂ ਬਰੂਹਾਂ ਉਪਰ ਧਰਨਾ ਦੇ ਰਹੇ ਕਿਸਾਨਾਂ ਵਿੱਚ ਇਸ ਅੰਦੋਲਨ ਨੂੰ ਯਾਦ ਕਰਦੇ ਹੋਏ ਨਵੀਂ ਰੂਹ ਫੂਕੀ ਗਈ। ਤਤਕਾਲੀ ਪੈਪਸੂ ਦੇ ਪਿੰਡ ਕਿਸ਼ਨਗੜ੍ਹ ਤੋਂ ਅੱਜ ਕਿਸਾਨਾਂ ਦਾ ਕਾਫ਼ਲਾ ਮਸ਼ਾਲ ਲੈ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਕੋਲ ਟਿਕਰੀ ਬਾਰਡਰ ਪਹੁੰਚਿਆ ਜਿੱਥੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਕਿਸ਼ਨਗੜ੍ਹ ਤੋਂ 35 ਵਿਅਕਤੀ ਇਹ ਮਸ਼ਾਲ ਲੈ ਕੇ ਟਿਕਰੀ ਪਹੁੰਚੇ ਜਿਨ੍ਹਾਂ ਵਿੱਚ ਬਹੁਤੇ ਨੌਜਵਾਨ ਸਨ ਅਤੇ ਉਹ ਪੈਪਸੂ ਦੇ ਸੰਘਰਸ਼ੀ ਯੋਧਿਆਂ ਦੇ ਪਰਿਵਾਰਾਂ ਵਿੱਚੋਂ ਸਨ। ਸਾਬਕਾ ਸਰਪੰਚ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਆਗੂ ਕੁਲਵੰਤ ਸਿੰਘ ਨੇ ਦੱਸਿਆ ਕਿ 184 ਯੋਧਿਆਂ ਨੇ ਤਤਕਾਲੀ ਸੱਤਾਧਾਰੀ ਧਿਰ ਦਾ ਵੱਖ-ਵੱਖ ਰੂਪਾਂ ਵਿੱਚ ਤਸ਼ੱਦਦ ਝੱਲਿਆ ਸੀ। ਉਨ੍ਹਾਂ ਦੱਸਿਆ ਕਿ 100 ਦੇ ਕਰੀਬ ਪਰਿਵਾਰ ਮੋਰਚੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸਨਮਾਨਿਆ ਗਿਆ ਹੈ। ਮੁਜਾਰਾ ਲਹਿਰ ਦੌਰਾਨ 784 ਪਿੰਡਾਂ ਦੀ 16 ਲੱਖ ਏਕੜ ਜ਼ਮੀਨ ਬਿਸਵੇਦਾਰਾਂ ਤੋਂ ਲੈ ਕੇ ਕਿਸਾਨਾਂ ਨੂੰ ਮਾਲਕਾਨਾ ਦਿਵਾਏ ਗਏ ਸਨ। ਕਾਫ਼ਲੇ ਦੇ ਰੂਪ ਵਿੱਚ ਪੁੱਜੇ ਕਿਸਾਨਾਂ ਨੇ ਦੱਸਿਆ ਕਿ ਜੋਤ ਲੈ ਕੇ ਆਉਣ ਦਾ ਮਕਸਦ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੁਜਾਰਾ ਅੰਦੋਲਨ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਅਰਥਾਂ ਤੋਂ ਜਾਣੂ ਕਰਵਾਉਣਾ ਹੈ।