ਨਵੀਂ ਦਿੱਲੀ, 18 ਜੁਲਾਈ
ਦਿੱਲੀ ਪੁਲੀਸ ਨੇ ਕਿਸਾਨ ਯੂਨੀਅਨਾਂ ਨੂੰ ਕਿਹਾ ਕਿ ਉਹ 22 ਜੁਲਾਈ ਤੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਸਦ ਦੇ ਸਾਹਮਣੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਇਕੱਠੇ ਹੋਣ ਵਾਲਿਆਂ ਦੀ ਗਿਣਤੀ ਘਟਾਉਣ ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ। ਰਾਸ਼ਟਰੀ ਕਿਸਾਨ ਮਜ਼ਦੂਰ ਮਹਾਂਸੰਘ ਦੇ ਕੌਮੀ ਪ੍ਰਧਾਨ ਸ਼ਿਵ ਕੁਮਾਰ ਕੱਕਾ ਨੇ ਕਿਹਾ, “ਅਸੀਂ ਪੁਲੀਸ ਨੂੰ ਦੱਸਿਆ ਕਿ ਹਰ ਰੋਜ਼ 200 ਕਿਸਾਨ ਮੌਨਸੂਨ ਸੈਸ਼ਨ ਦੌਰਾਨ ਸਿੰਘੂ ਬਾਰਡਰ ਤੋਂ ਸੰਸਦ ਜਾਣਗੇ। ਇਹ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹੋਵੇਗਾ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੀ ਪਛਾਣ ਲਈ ਉਨ੍ਹਾਂ ਦੇ ਬੈਜ ਲੱਗੇ ਹੋਣਗੇ।” ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਨੂੰ ਸ਼ੁਰੂ ਹੋਵੇਗਾ ਅਤੇ 13 ਅਗਸਤ ਨੂੰ ਸਮਾਪਤ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਹਰ ਪ੍ਰਦਰਸ਼ਨਕਾਰੀ ਬਾਰੇ ਵੇਰਵਾ ਪੁਲੀਸ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਪ੍ਰਦਰਸ਼ਨਕਾਰੀ ਦਾ ਆਧਾਰ ਕਾਰਡ ਅਤੇ ਮੋਬਾਈਲ ਫੋਨ ਨੰਬਰ ਵੀ ਸ਼ਾਮਲ ਹੈ।