ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਅੱਜ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਆਦਿਵਾਸੀਆਂ ਦੇ ਨਾਇਕ ਬਿਰਸਾ ਮੁੰਡਾ ਨੂੰ ਉਸ ਦੇ ਜਨਮਦਿਨ ਮੌਕੇ ਯਾਦ ਕੀਤਾ ਗਿਆ। ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਗਰੇਜ਼ ਹਕੂਮਤ ਵੱਲੋਂ ਉਸ ਸਮੇਂ ਆਦਿਵਾਸੀਆਂ ਦੇ ਜੰਗਲਾਂ ਅਤੇ ਜ਼ਮੀਨਾਂ ’ਤੇ ਕਬਜ਼ੇ ਕੀਤੇ ਜਾ ਰਹੇ ਸਨ। ਬਹੁਤ ਘੱਟ ਪੜ੍ਹੇ-ਲਿਖੇ ਹੋਣ ਅਤੇ ਧਾਰਮਿਕ ਤੌਰ ’ਤੇ ਵੰਡੇ ਹੋਣ ਕਰ ਕੇ ਉਨ੍ਹਾਂ ਨੂੰ ਧਰਮ ਦੇ ਨਾਂ ’ਤੇ ਲੜਾਇਆ ਜਾ ਰਿਹਾ ਸੀ। ਬਿਰਸਾ ਮੁੰਡਾ ਨੇ ਆਦਿਵਾਸੀ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਲੜਨ ਤੋਂ ਰੋਕਣ ਦੀ ਸੇਧ ਦੇ ਕੇ ਉਨ੍ਹਾਂ ਦੀ ਖੇਤੀ ’ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਸੀ। ਅਖ਼ੀਰ 25 ਸਾਲ ਦੀ ਉਮਰ ਵਿੱਚ ਅੰਗਰੇਜ਼ ਹਕੂਮਤ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜ਼ਹਿਰ ਦੇ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇੱਥੋਂ ਦੇ ਹਾਕਮ ਲਗਾਤਾਰ ਕਿਸਾਨਾਂ ’ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਕਿਸਾਨਾਂ ਸਿਰ ਨਹੀਂ ਆਉਂਦਾ ਕਿਉਂਕਿ ਸਿਰਫ 8 ਫ਼ੀਸਦੀ ਧੂੰਆਂ ਕਿਸਾਨਾਂ ਦੀ ਪਰਾਲੀ ਨਾਲ ਹੁੰਦਾ ਹੈ ਜਦਕਿ 92 ਫ਼ੀਸਦੀ ਜ਼ਿੰਮੇਵਾਰ ਸਰਮਾਏਦਾਰਾਂ ਦੀਆਂ ਫੈਕਟਰੀਆਂ ਹਨ ਜੋ ਸਾਰਾ ਸਾਲ ਹੀ ਦਿਨ-ਰਾਤ ਪ੍ਰਦੂਸ਼ਣ ਫੈਲਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਝੋਨਾ ਬੀਜਣ ਲਈ ਮਜਬੂਰ ਕਰ ਰਹੀ ਹੈ ਅਤੇ 4 ਫ਼ਸਲਾਂ ਕਣਕ, ਝੋਨੇ, ਨਰਮੇ ਅਤੇ ਗੰਨੇ ’ਤੇ ਕੁਝ ਸੂਬਿਆਂ ਨੂੰ ਐੱਮਐੱਸਪੀ ਮਿਲਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਮਿਲੇ ਤਾਂ ਉਹ ਝੋਨਾ ਨਹੀਂ ਲਗਾਉਣਗੇ ਜਿਸ ਤੋਂ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾਂਭਣ ਲਈ ਛੋਟੀ ਕਿਸਾਨੀ ਨੂੰ ਸਸਤੇ ਸੰਦ ਮੁਹੱਈਆ ਨਹੀਂ ਕਰਵਾਏ ਜਾ ਰਹੇ ਹਨ।