ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਪਰੈਲ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਪੱਧਰ ’ਤੇ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਅਪਰੈਲ ਨੂੰ ਸਵੇਰੇ 8 ਵਜੇ ਤੋਂ ਅਗਲੇ 24 ਘੰਟਿਆਂ ਲਈ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਐਕਸਪ੍ਰੈੱਸਵੇਅ ਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਐਕਸਪ੍ਰੈੱਸਵੇਅ ਜਾਮ ਕੀਤੇ ਜਾਣਗੇ। ਪਹਿਲਾਂ ਇਨ੍ਹਾਂ ਐਕਸਪ੍ਰੈੱਸਵੇਜ਼ ਨੂੰ ਸਵੇਰੇ 11 ਵਜੇ ਤੋਂ ਅਗਲੇ ਦਿਨ 11 ਵਜੇ ਤੱਕ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਹਾੜ੍ਹੀ ਦੀ ਵਾਢੀ ਲਈ ਜਾ ਰਹੀਆਂ ਕੰਬਾਈਨਾਂ, ਫਸਲਾਂ ਵੇਚਣ ਜਾਣ ਵਾਲੇ ਕਿਸਾਨਾਂ ਤੇ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਹ ਸਮਾਂ ਬਦਲਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਲੰਘੇ ਦਿਨ ਸਿੰਘੂ ਬਾਰਡਰ ਉੱਤੇ ਅਹਿਮ ਬੈਠਕ ਹੋਈ ਸੀ, ਜਿਸ ਵਿੱਚ ਅਹਿਮ ਫ਼ੈਸਲੇ ਕੀਤੇ ਗਏ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਿਸਾਨੀ ਘੋਲ ਨੂੰ ਹੋਰ ਧਾਰ ਦੇਣ ਲਈ ਅਪਰੈਲ ਮਹੀਨੇ ਵਿੱਚ ਕਈ ਪ੍ਰੋਗਰਾਮ ਉਲੀਕੇ ਗਏ ਹਨ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਇਸ ਸੀਮਾਂਤ ਮਾਰਗ ਉਪਰ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਚਲਾ ਕੇ ‘ਟਰੈਕਟਰ ਰੈਲੀ’ ਕੱਢੀ ਸੀ ਤੇ ਮੁਕਰਬਾ ਚੌਕ, ਡਾਸਨਾ ਚੌਕ, ਪਲਵਲ ਚੌਕ ਤੇ ਟਿਕਰੀ ਬਹਾਦਰਗੜ੍ਹ ਨੇੜੇ ਆਪਣਾ ਰੋਸ ਜ਼ਾਹਿਰ ਕਰ ਕੇ ਇਹ ਸੜਕ ਜਾਮ ਕੀਤੀ ਸੀ। ਉਨ੍ਹਾਂ ਦੱਸਿਆ ਕਿ ਖਾਲਸਾ ਪੰਥ ਦਾ ਸਥਾਪਨਾ ਦਿਵਸ 13 ਅਪਰੈਲ ਨੂੰ ਦਿੱਲੀ ਦੇ ਕਿਸਾਨ ਮੋਰਚਿਆਂ ’ਤੇ ਮਨਾਇਆ ਜਾਵੇਗਾ ਅਤੇ ਜੱਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਯਾਦ ’ਚ ਵੀ ਪ੍ਰੋਗਰਾਮ ਹੋਣਗੇ। ‘ਸੰਵਿਧਾਨ ਬਚਾਓ’ ਦਿਵਸ ਤੇ ‘ਕਿਸਾਨ ਬਹੁਜਨ ਏਕਤਾ ਦਿਵਸ’ 14 ਅਪਰੈਲ ਨੂੰ ਮਨਾਇਆ ਜਾਵੇਗਾ। ਇਸ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਮੰਚ ਬਹੁਜਨ ਸਮਾਜ ਦੇ ਅੰਦੋਲਨਕਾਰੀ ਚਲਾਉਣਗੇ ਅਤੇ ਸਾਰੇ ਬੁਲਾਰੇ ਵੀ ਬਹੁਜਨ ਹੋਣਗੇ। ਉਨ੍ਹਾਂ ਕਿਹਾ ਕਿ 18 ਅਪਰੈਲ ਨੂੰ ਇਸ ਅੰਦੋਲਨ ਵਿਚ ਸਥਾਨਕ ਲੋਕਾਂ ਦੀ ਸ਼ਮੂਲੀਅਤ ਤੇ ਸਮਰਪਣ ਦਾ ਸਨਮਾਨ ਕਰਦਿਆਂ ਸਾਰੇ ਮੋਰਚਿਆਂ ’ਤੇ ਸਥਾਨਕ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ। ਉਸ ਦਿਨ ਸਟੇਜ ਨੂੰ ਚਲਾਉਣ ਦੀ ਜ਼ਿੰਮੇਵਾਰੀ ਵੀ ਸਥਾਨਕ ਲੋਕਾਂ ਨੂੰ ਦਿੱਤੀ ਜਾਵੇਗੀ। 20 ਅਪਰੈਲ ਨੂੰ ਧੰਨਾ ਭਗਤ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਦੀ ਪਿੰਡ ਧੋਆ ਕਲਾਂ ਤੋਂ ਮਿੱਟੀ ਦਿੱਲੀ ਦੇ ਮੋਰਚਿਆਂ ’ਤੇ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੀ ਯਾਦ ਵਿਚ ਟਿੱਕਰੀ ਬਾਰਡਰ ’ਤੇ ਪ੍ਰੋਗਰਾਮ ਹੋਣਗੇ। 24 ਅਪਰੈਲ ਨੂੰ ਦਿੱਲੀ ਮੋਰਚੇ ਨੂੰ 150 ਦਿਨ ਪੂਰੇ ਹੋਣ ’ਤੇ ਹਫ਼ਤੇ ਭਰ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ ਜਿਸ ਵਿੱਚ ਕਿਸਾਨ, ਮਜ਼ਦੂਰਾਂ ਦੇ ਨਾਲ ਨਾਲ ਕਰਮਚਾਰੀ, ਵਿਦਿਆਰਥੀ, ਨੌਜਵਾਨ, ਕਾਰੋਬਾਰੀ ਅਤੇ ਹੋਰ ਜਥੇਬੰਦੀਆਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਅਪਰੈਲ ਦੇ ਆਖਰੀ ਹਫ਼ਤੇ, ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਦੀ ਕੌਮੀ ਕਨਵੈਨਸ਼ਨ ਕੀਤੀ ਜਾਵੇਗੀ। ਵਿਚਾਰ-ਵਟਾਂਦਰੇ ਤੋਂ ਬਾਅਦ ਮੋਰਚੇ ਦੀ ਅਗਲੀ ਬੈਠਕ ਵਿਚ ਸੰਸਦ ਮਾਰਚ ਦੀ ਨਿਰਧਾਰਤ ਮਿਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਨਫ਼ਰਤ ਤੇ ਫੁੱਟ ਪਾਉਣ ਦੀ ਨੀਤੀ ਵਿੱਚ ਭਾਜਪਾ ਦੇ ਆਗੂ ਹਰਿਆਣਾ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਲਈ ਵੱਖ-ਵੱਖ ਭੜਕਾਊ ਪ੍ਰੋਗਰਾਮ ਕਰ ਸਕਦੇ ਹਨ। ਅਸੀਂ ਸਾਰੇ ਦਲਿਤ-ਬਹੁਜਨਾਂ ਅਤੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਇਨ੍ਹਾਂ ਤਾਕਤਾਂ ਦਾ ਵਿਰੋਧ ਕਰਨ।’ ਆਗੂਆਂ ਨੇ ਕਿਹਾ ਕਿ ਇਸੇ ਦਿਨ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਜਾਣਬੁੱਝ ਕੇ ਕੈਥਲ ਵਿਚ ਇਕ ਪ੍ਰੋਗਰਾਮ ਤੈਅ ਕੀਤਾ ਹੈ, ਲਿਹਾਜ਼ਾ ਕਿਸਾਨ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਪ੍ਰੋਗਰਾਮ ਵਿੱਚ ਰੋਹ ਪ੍ਰਦਰਸ਼ਨ ਕਰਨ।
ਡਾਸਨਾ ਚੌਕ ਉੱਤੇ ਵੀ ਲਾਇਆ ਜਾਵੇਗਾ ਜਾਮ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਗਾਜ਼ੀਪੁਰ ਦੇ ਧਰਨੇ ਵਿੱਚ ਸ਼ਾਮਲ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ-ਗਾਜ਼ੀਆਬਾਦ-ਪਲਵਲ ਮਾਰਗ ਨੂੰ ਸਵੇਰੇ 8 ਵਜੇ ਤੋਂ ਅਗਲੇ ਦਿਨ ਸਵੇਰੇ 8 ਵਜੇ ਤੱਕ ਡਾਸਨਾ ਚੌਕ ਉਪਰ ਜਾਮ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਗਾਜ਼ੀਪੁਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਸਾਰੇ ਕਿਸਾਨਾਂ ਨੂੰ ਡਾਸਨਾ ਪੁੱਜਣ ਦੀ ਅਪੀਲ ਕੀਤੀ ਗਈ ਹੈ ਤੇ ਸ਼ਾਂਤਮਈ ਰਹਿ ਕੇ ਇਸ ਜਾਮ ਨੂੰ ਸਫਲ ਬਣਾਉਣਾ ਹੈ ਕਿਉਂਕਿ ਸੱਤਾਧਾਰੀ ਧਿਰ ਵੱਲੋਂ ਕੋਈ ਗੜਬੜ ਫੈਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਚੌਕਸ ਵੀ ਰਹਿਣਾ ਪਵੇਗਾ। ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਜਾਮ ਦੌਰਾਨ ਹਰ ਪੱਖੋਂ ਤਿਆਰੀ ਕੀਤੀ ਜਾ ਚੁੱਕੀ ਹੈ ਤੇ ਕਿਸਾਨਾਂ ਨੇ ਬੀਤੀ ਸ਼ਾਮ ਤੋਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਪੁੱਜਣਾ ਸ਼ੁਰੂ ਕਰ ਦਿੱਤਾ ਸੀ।