ਨਵੀਂ ਦਿੱਲੀ, 25 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਹਾਲਤ ਦੇ ਹਵਾਲੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਦੀ ਆਮਦਨ 2022 ਤੱਕ ਦੁੱਗਣੀ ਹੋਣੀ ਸੀ, ਪਰ ਇਸ ਦੀ ਥਾਂ ਉਨ੍ਹਾਂ ਦੀਆਂ ਦੁਖ ਤਕਲੀਫਾਂ ਦੁੱਗਣੀਆਂ ਜ਼ਰੂਰ ਹੋ ਗਈਆਂ ਹਨ। ਕਾਂਗਰਸ ਆਗੂ ਨੇ ਹਿੰਦੀ ਵਿੱਚ ਕੀਤੇ ਟਵੀਟ ਵਿੱਚ ਕਿਹਾ, ‘‘ਪੀਐੱਮ ‘ਕਿਸਾਨ ਉਤਪੀੜਨ (ਤਕਲੀਫ਼) ਯੋਜਨਾ। ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਨਹੀਂ। ਕਿਸਾਨ ਖੁ਼ਦਕੁਸ਼ੀਆਂ ਦੇ ਅੰਕੜੇ ਨਹੀਂ। ਦੋਸਤਾਂ ਦੇ ਕਰਜ਼ੇ ਮੁਆਫ਼, ਕਿਸਾਨਾਂ ਦੇ ਨਹੀਂ। ਸਹੀ ਐੱਮਐੱਸਪੀ ਦਾ ਝੂਠਾ ਵਾਅਦਾ। ਫਸਲ ਬੀਮਾ ਦੇ ਨਾਂ ’ਤੇ ਬੀਮਾ ਕੰਪਨੀਆਂ ਨੂੰ 40,000 ਕਰੋੜ ਦਾ ਫਾਇਦਾ। 2022 ਤਕ ਕਰਨੀ ਸੀ ਆਮਦਨ ਦੁੱਗਣੀ, ਕਰ ਦਿੱਤੀਆਂ ‘ਪ੍ਰੇਸ਼ਾਨੀਆਂ’ ਦੁੱਗਣੀਆਂ।’’ -ਪੀਟੀਆਈ