ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਦਸੰਬਰ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਸਮੇਤ ਦੇਸ਼ ਦੇ ਹੋਰ ਰਾਜਾਂ ਦੀਆਂ ਕੁੱਲ 500 ਦੇ ਕਰੀਬ ਜਥੇਬੰਦੀਆਂ ਵੱਲੋਂ ਅੱਜ ਦੇ ‘ਭਾਰਤ ਬੰਦੇ’ ਸੱਦੇ ਵਿੱਚ ਸ਼ਮੂਲੀਅਤ ਕੀਤੀ ਗਈ ਤੇ ਕਈ ਰਾਜਾਂ ਵਿੱਚ ਬੰਦ ਸਫਲ ਰਹਿਣ ਦਾ ਦਾਅਵਾ ਕੀਤਾ ਗਿਆ। ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਭਾਰਤ ਬੰਦ ਦਾ ਅਸਰ 25 ਰਾਜਾਂ ਵਿੱਚ ਪਿਆ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਭਾਰਤ ਬੰਦ ਸਫਲ ਰਿਹਾ ਤੇ ਸਰਕਾਰ ਨੂੰ ਪਤਾ ਲੱਗ ਗਿਆ ਹੈ ਕਿ ਕਿਸਾਨ ਨਾਰਾਜ਼ ਕਿਉਂ ਹਨ। ਉਨ੍ਹਾਂ ਕਿਹਾ ਕਿ ਆਖ਼ਿਰ ਭਾਰਤ ਸਰਕਾਰ ਝੁਕ ਗਈ ਹੈ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਾਰਤ ਬੰਦ ਸਫਲ ਰਿਹਾ ਤੇ ਕੇਂਦਰ ਸਰਕਾਰ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਇਸ ਦਾ ਰਾਹ ਲੱਭਣਾ ਪਵੇਗਾ। ਸਰਵਾਜ ਇੰਡੀਆ ਦੇ ਆਗੂ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੇ ਮੈਂਬਰ ਯੋਗੇਂਦਰ ਯਾਦਵ ਨੇ ਦੱਸਿਆ ਕਿ 25 ਰਾਜਾਂ ਵਿੱਚ 10 ਹਜ਼ਾਰ ਥਾਵਾਂ ’ਤੇ ਹੜਤਾਲ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਿੰਘੂ ਬਾਰਡਰ ਤੋਂ ਬੁਰਾੜੀ ਨਹੀਂ ਜਾਣਗੇ ਕਿਉਂਕਿ ਇਹ ਇਕ ਖੁੱਲ੍ਹੀ ਜੇਲ੍ਹ ਹੈ ਪਰ ਰਾਮ ਲੀਲਾ ਮੈਦਾਨ ਵਿੱਚ ਜਾਣ ਲਈ ਕੇਂਦਰ ਸਰਕਾਰ ਕਹੇ ਤਾਂ ਜਾ ਸਕਦੇ ਹਨ।
ਉੱਧਰ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੋਰ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਦੇ ਸਿੰਘੂ ਪੁੱਜ ਗਏ ਹਨ ਤੇ ਟਰਾਲੀਆਂ ਦੀ ਕਤਾਰ ਹੋਰ ਲੰਬੀ ਹੋ ਗਈ ਹੈ। ਹਜ਼ਾਰਾਂ ਕਿਸਾਨਾਂ ਵੱਲੋਂ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਿੰਘੂ ’ਚ ਬੈਲ ਗੱਡੀਆਂ ਵੀ ਦੇਖੀਆਂ ਗਈਆਂ।
ਕਾਰਾਂ, ਵੱਡੀਆਂ ਗੱਡੀਆਂ ਤੇ ਟਰੱਕਾਂ ਦੀ ਕਤਾਰ ਰਸੋਈ ਰੇਸਤਰਾਂ ਤੱਕ ਪੁੱਜ ਗਈ ਹੈ। ਟੀਕਰੀ ’ਚ ਅੱਜ ਖ਼ੂਨਦਾਨ ਕੈਂਪ ਵੀ ਲਾਇਆ ਗਿਆ।