ਬਸਤੀ (ਯੂਪੀ), 20 ਨਵੰਬਰ
ਕੇਂਦਰੀ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਖੇਤੀ ਕਾਨੂੰਨਾਂ ਨੂੰ ‘ਕਾਲੇ ਕਾਨੂੰਨ’ ਦੱਸਣ ਸਬੰਧੀ ਕਿਸਾਨਾਂ ਦੇ ਦੋਸ਼ਾਂ ਬਾਰੇ ਅੱਜ ਕਿਹਾ ਕਿ ਇਸ ’ਚ ਵਰਤੀ ਗਈ ਸਿਆਹੀ ਨੂੰ ਛੱਡ ਕੇ ਇਸ ’ਚ ਹੋਰ ਕੀ ਕਾਲਾ ਹੈ? ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਆਪੋ ਆਪਣੀ ਸਰਵਉੱਚਤਾ ਲਈ ਲੜ ਰਹੀਆਂ ਹਨ ਤੇ ਉਹ ਨਿਮਨ ਕਿਸਾਨੀ ਦੇ ਫਾਇਦੇ ਬਾਰੇ ਨਹੀਂ ਸੋਚ ਰਹੀਆਂ। ਸੜਕੀ ਆਵਾਜਾਈ ਤੇ ਕੌਮੀ ਮਾਰਗ ਅਤੇ ਸਿਵਲ ਹਵਾਬਾਜ਼ੀ ਬਾਰੇ ਰਾਜ ਮੰਤਰੀ ਵੀ ਕੇ ਸਿੰਘ ਨੇ ਕਿਹਾ, ‘ਮੈਂ ਇੱਕ ਕਿਸਾਨ ਆਗੂ ਪੁੱਛਿਆ ਕਿ ਖੇਤੀ ਕਾਨੂੰਨਾਂ ’ਚ ਕਾਲਾ ਕੀਤਾ ਹੈ? ਤੁਸੀਂ ਲੋਕ ਕਹਿੰਦੇ ਹੋ ਕਿ ਇਹ ਇਕ ਕਾਲਾ ਕਾਨੂੰਨ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਸਿਆਹੀ ਤੋਂ ਇਲਾਵਾ ਹੋਰ ਕੀ ਕਾਲਾ ਹੈ?’ ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਿਚਾਰ ਦੀ ਹਮਾਇਤ ਕਰਦੇ ਹਾਂ ਪਰ ਫਿਰ ਵੀ ਇਹ ਕਾਨੂੰਨ ਕਾਲੇ ਹਨ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਜਿਸ ਤਰ੍ਹਾਂ ਜਿੱਤ ਦਰਜ ਕਰੇਗੀ ਤੁਸੀਂ ਆਪ ਦੇਖੋਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਨੇ ਹੀ ਸਵਾਮੀਨਾਥਨ ਕਮੇਟੀ ਦੀ ਰਿਪਰੋਟ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਹਨ। -ਪੀਟੀਆਈ
ਦੇਰ ਆਏ ਦਰੁਸਤ ਆਏ: ਮਾਇਆਵਤੀ
ਲਖਨਊ: ਕੇਂਦਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਮਗਰੋਂ ਬਸਪਾ ਮੁਖੀ ਮਾਇਆਵਤੀ ਨੇ ਇਸ ਦਾ ਸਵਾਗਤ ਕਰਦਿਆਂ ਇਸ ਕਦਮ ਨੂੰ ਦੇਰ ਆਏ ਦਰੁਸਤ ਆਏ ਕਰਾਰ ਦਿੱਤਾ ਹੈ। ਉਂਜ ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਭਾਜਪਾ ਸਰਕਾਰ ਦੇ ਇਰਾਦੇ ਬਾਰੇ ਸ਼ੱਕ ਜ਼ਾਹਿਰ ਕੀਤਾ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇਹ ਫ਼ੈਸਲਾ ਉਸ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਮਜਬੂਰੀ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੁਝ ਠੋਸ ਫ਼ੈਸਲੇ ਲਏ ਜਾਣ ਦੀ ਲੋੜ ਹੈ। ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਲਈ ਨਵਾਂ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਕਿਸਾਨਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲਏ ਜਾਣੇ ਚਾਹੀਦੇ ਹਨ। ਆਪਣੇ ਟਵੀਟ ’ਚ ਉਨ੍ਹਾਂ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਬੀਤੇ ’ਚ ਖਾਸ ਕਰਕੇ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੌਰਾਨ ਦੇਸ਼ ਨੂੰ ਬਹੁਤ ਮੁਸ਼ਕਲਾਂ ਸਹਿਣੀਆਂ ਪਈਆਂ ਸਨ। -ਪੀਟੀਆਈ
ਪ੍ਰਧਾਨ ਮੰਤਰੀ ਖੇਤੀ ਕਾਨੂੰਨ ਰੱਦ ਕਰਾਉਣ ਲਈ ਆਰਡੀਨੈਂਸ ਲਿਆਉਣ: ਬਾਜਵਾ
ਚੰਡੀਗੜ੍ਹ (ਟਨਸ): ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਫੌਰੀ ਰੱਦ ਕਰਨ ਲਈ ‘ਆਰਡੀਨੈਂਸ ਰੂਟ’ ਅਪਣਾਉਣ। ਉਨ੍ਹਾਂ ਕਿਹਾ ਕਿ ਆਰਡੀਨੈਂਸ ਲਿਆ ਕੇ ਖੇਤੀ ਕਾਨੂੰਨਾਂ ਨੂੰ ਫੌਰੀ ਰੱਦ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਇਸ ਨੂੰ ਸੰਸਦ ਵਿਚ ਲਿਆਂਦਾ ਜਾਵੇ। ਬਾਜਵਾ ਨੇ ਕਿਹਾ ਕਿ ਜਦੋਂ ਹੋਰ ਮਾਮਲਿਆਂ ਵਿਚ ਆਰਡੀਨੈਂਸ ਲਿਆਂਦੇ ਜਾ ਸਕਦੇ ਹਨ ਤਾਂ ਖੇਤੀ ਕਾਨੂੰਨਾਂ ਲਈ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਵੀ ਇਸ ਬਾਰੇ ਆਰਡੀਨੈਂਸ ਲਿਆਂਦੇ ਗਏ ਸਨ।