ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜੁਲਾਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਹਰ ਰੋਜ਼ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਤੇ ਯੋਜਨਾਵਾਂ ਲਗਾਤਾਰ ਜਾਰੀ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੰਸਦ ਦੇ ਮੌਨਸੂਨ ਸੈਸ਼ਨ ਦੇ ਸਾਰੇ ਦਿਨਾਂ ਦੌਰਾਨ ਸੰਸਦ ਦੇ ਵਿਰੋਧ ’ਚ ਹਰ ਰੋਜ਼ 200 ਪ੍ਰਦਰਸ਼ਨਕਾਰੀਆਂ ਵੱਲੋਂ ਜੰਤਰ-ਮੰਤਰ ’ਚ ਕਿਸਾਨ ਸੰਸਦ ਲਗਾਈ ਜਾਵੇਗੀ ਤੇ ਕਿਸਾਨ ਇਹ ਦੱਸਣਗੇ ਕਿ ਭਾਰਤੀ ਲੋਕਤੰਤਰ ਨੂੰ ਕਿਸ ਤਰ੍ਹਾਂ ਚਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ। ਸੰਯੁਕਤ ਕਿਸਾਨ ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਨੇ ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਰੋਸ ਪ੍ਰਦਰਸ਼ਨ ਦੀਆਂ ਯੋਜਨਾਵਾਂ ਜਥੇਬੰਦਕ, ਅਨੁਸ਼ਾਸਿਤ ਤੇ ਸ਼ਾਂਤਮਈ ਢੰਗ ਨਾਲ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਮੁਤਾਬਕ 200 ਚੁਣੇ ਗਏ ਪ੍ਰਦਰਸ਼ਨਕਾਰੀ ਹਰ ਰੋਜ਼ ਸਿੰਘੂ ਬਾਰਡਰ ਤੋਂ ਆਈਡੀ ਕਾਰਡਾਂ ਸਮੇਤ ਰਵਾਨਾ ਹੋਣਗੇ।
ਮੋਰਚੇ ਨੇ ਇਹ ਵੀ ਦੱਸਿਆ ਕਿ ਅਨੁਸ਼ਾਸਨ ਦੀ ਕਿਸੇ ਵੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ 22 ਜੁਲਾਈ ਤੋਂ ਜੰਤਰ-ਮੰਤਰ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਬੁਨਿਆਦੀ ਮੁੱਦਿਆਂ ਨੂੰ ਉਭਾਰਿਆ ਜਾਵੇਗਾ ਤੇ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਸੰਸਦ ਮੈਂਬਰਾਂ ਨੂੰ ਜਾਰੀ ਕੀਤੇ ਗਏ ‘ਪੀਪਲਜ਼ ਵ੍ਹਿਪ’ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਮੁੱਦੇ ਸੰਸਦ ਅੰਦਰ ਉਠਾਏ ਜਾਣਗੇ। ਅੱਜ ਵੀ ਸੰਸਦ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਵੀ ਸੰਸਦ ਕਿਸਾਨ ਅੰਦੋਲਨ ਦੀਆਂ ਮੰਗਾਂ ’ਤੇ ਨਾਅਰੇਬਾਜ਼ੀ ਹੋਈ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸੰਸਦ ਮੈਂਬਰਾਂ ਦੀ ਕਾਰਵਾਈ ਨੂੰ ਵੇਖ ਰਿਹਾ ਹੈ ਕਿ ਪੀਪਲਜ਼ ਵ੍ਹਿਪ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ? ਮੋਰਚੇ ਦੇ ਲੀਗਲ ਸੈੱਲ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਨੇ ਚੰਡੀਗੜ੍ਹ ’ਚ ਪ੍ਰਸ਼ਾਸਨ ਵੱਲੋਂ ਧਾਰਾ 144 ਲਾਉਣ ਦੀ ਸਖ਼ਤ ਨਿੰਦਾ ਕੀਤੀ ਤੇ ਕਿਹਾ ਕਿ ਇਹ ਸਿਰਫ਼ ਕਿਸਾਨ ਅੰਦੋਲਨ ਦੇ ਰਾਹ ਵਿੱਚ ਅੜਿੱਕੇ ਡਾਹੁਣ ਦਾ ਕੰਮ ਹੈ ਜੋ ਕੇਂਦਰ ਸਰਕਾਰ ਦੇ ਇਸ਼ਾਰੇ ਉਪਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਫੂਡ ਸਿਸਟਮਜ਼ ਸੰਮੇਲਨ (ਯੂਐੱਨਐੱਫਐੱਸਐੱਸ) ਸੰਮੇਲਨ ਦੀ ਬੈਠਕ 26 ਤੋਂ 28 ਜੁਲਾਈ ਵਿੱਚ ਰੋਮ ਵਿੱਚ ਕੀਤੀ ਜਾ ਰਹੀ ਹੈ, ਜਦਕਿ ਅਸਲ ਸੰਮੇਲਨ ਸਤੰਬਰ ਵਿੱਚ ਅਮਰੀਕਾ ਵਿੱਚ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਸੰਯੁਕਤ ਦੇਸ਼ ਦੀ ਖੁਰਾਕ ਪ੍ਰਣਾਲੀ ਨੂੰ ਸੰਮੇਲਨ ਦੇ ਕਾਰਪੋਰੇਟਾਂ ਦੇ ਪ੍ਰਭਾਵ ਹੇਠ ਆਇਆ ਮੰਨਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਲੋਕ ਹੁਣ ਮੁਨਾਫਾ ਆਧਾਰਿਤ ਕਾਰਪੋਰੇਸ਼ਨਾਂ ਦੀਆਂ ਚਾਲਾਂ ’ਚ ਹੋਰ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਗਾਦਾਗ ਜ਼ਿਲ੍ਹੇ ਦੇ ਨਰਗੁੰਦ ’ਚ ਵਿੱਚ ਕਿਸਾਨ 21 ਜੁਲਾਈ ਨੂੰ 41ਵਾਂ ਸ਼ਹੀਦੀ ਸਮਾਰਕ ਦਿਵਸ ਮਨਾਉਣਗੇ।