ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਸਤੰਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਅੰਦੋਲਨ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਹੋਣ ਅਤੇ ਹੋਰ ਮੰਗਾਂ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਉੱਤਰ ਤੋਂ ਲੈ ਕੇ ਦੱਖਣੀ ਭਾਰਤ ਦੇ ਕਈ ਰਾਜਾ ਤੱਕ ਭਰਵਾਂ ਹੁੰਗਾਰਾ ਮਿਲਿਆ। ਦੇਸ਼ ’ਚ 10 ਘੰਟਿਆਂ ਦੇ ਬੰਦ ਦੌਰਾਨ ਕਿਸਾਨਾਂ ਸਮੇਤ ਹੋਰ ਲੋਕਾਂ ਨੇ ਸੜਕਾਂ ਜਾਮ ਰੱਖੀਆਂ। ਬੰਦ ਕਾਰਨ ਸੜਕ ਅਤੇ ਰੇਲ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ। ਉਂਜ ਬੰਦ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਰਿਹਾ ਪਰ ਕਈ ਥਾਵਾਂ ’ਤੇ ਲੋਕਾਂ ਨੂੰ ਜ਼ਰੂਰ ਖੱਜਲ ਹੋਣਾ ਪਿਆ। ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਦਿੱਤੇ ਗਏ ਬੰਦ ਦੇ ਸੱਦੇ ਨੂੰ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ 23 ਤੋਂ ਵੱਧ ਰਾਜਾਂ ’ਚ ਜ਼ੋਰਦਾਰ ਹਮਾਇਤ ਮਿਲੀ। ਮੋਰਚੇ ਵੱਲੋਂ ਇਸ ਤੋਂ ਪਹਿਲਾਂ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸ ਵਾਰ ਬੰਦ ਜ਼ਿਆਦਾ ਵਿਆਪਕ ਰਿਹਾ। ਮੋਰਚੇ ਵੱਲੋਂ ਦਾਅਵਾ ਕੀਤਾ ਗਿਆ ਕਿ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਝਾਰਖੰਡ, ਕੇਰਲਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਪਾਂਡੀਚੇਰੀ, ਰਾਜਸਥਾਨ, ਤਾਮਿਲਨਾਡੂ, ਤਿਲੰਗਾਨਾ, ਤ੍ਰਿਪੁਰਾ, ਉੱਤਰਾਖੰਡ ਅਤੇ ਪੱਛਮੀ ਬੰਗਾਲ ’ਚ ਵੀ ਥਾਂ-ਥਾਂ ’ਤੇ ਪ੍ਰਦਰਸ਼ਨ ਕੀਤੇ ਗਏ ਅਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਦਬਾਅ ਬਣਾਇਆ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਬੰਦ ਨੂੰ ਮਿਲੇ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਭਾਰਤ ਦੇ ਲੋਕ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਕਈ ਖੇਤਰਾਂ ਵਿੱਚ ਲੋਕ ਵਿਰੋਧੀ ਨੀਤੀਆਂ ਪ੍ਰਤੀ ਮੋਦੀ ਸਰਕਾਰ ਦੇ ਅੜੀਅਲ, ਗੈਰ-ਵਾਜਬ ਅਤੇ ਹਉਮੈ ਭਰੇ ਰੁਖ ਤੋਂ ਥੱਕ ਗਏ ਹਨ
ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਭਾਜਪਾ ਹਕੂਮਤ ਵਾਲੇ ਸੂਬਿਆਂ ਵਿੱਚ ਵੀ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਬੰਦ ਨੂੰ ਮੋਰਚੇ ਵਿੱਚ ਸ਼ਾਮਲ 40 ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਪਾਰਟੀਆਂ, ਮੁਲਾਜ਼ਮ ਜਥੇਬੰਦੀਆਂ, ਟਰਾਂਸਪੋਰਟ, ਟੈਕਸੀ, ਆਟੋ, ਬਾਰ ਐਸੋਸੀਏਸ਼ਨਾਂ, ਮਾਰਕਿਟ ਕਮੇਟੀਆਂ/ਸੰਸਥਾਵਾਂ ਅਤੇ ਵਪਾਰੀ ਸੰਗਠਨਾਂ ਦਾ ਸਮਰਥਨ ਹਾਸਲ ਸੀ। ਕਿਸਾਨਾਂ ਤੋਂ ਇਲਾਵਾ ਭਾਰਤ ਬੰਦ ਨੂੰ ਕਈ ਰਾਜਨੀਤਕ ਪਾਰਟੀਆਂ ਤੇ ਸਮਾਜਿਕ ਸੰਗਠਨਾਂ ਦਾ ਸਮਰਥਨ ਪ੍ਰਾਪਤ ਸੀ। ਆਲ ਇੰਡੀਆ ਕਿਸਾਨ ਫੈਡਰੇਸ਼ਨ ਨੇ ਰਾਜਸਥਾਨ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕੇਰਲਾ, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਵੀ ਬੰਦ ਨੂੰ ਸਫ਼ਲ ਬਣਾਉਣ ’ਚ ਯੋਗਦਾਨ ਪਾਇਆ। ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ, ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਅਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਸਮੇਤ ਕਈ ਟਰੇਡ ਯੂਨੀਅਨਾਂ ਨੇ ਕੋਚੀ ਵਿੱਚ ਮਨੁੱਖੀ ਲੜੀ ਬਣਾਈ। ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਮੋਰਚੇ ਦੇ ਭਾਰਤ ਬੰਦ ਨੂੰ ਜਤਨਕ ਖੇਤਰ ਦੀਆਂ ਬੈਂਕਾਂ ਦੀਆਂ ਸੰਸਥਾਵਾਂ, ਬੀਮਾ, ਤੇਲ, ਰੇਲਵੇ, ਹਵਾਈ ਅੱਡਿਆਂ ਦੇ ਮੁਲਾਜ਼ਮਾਂ ਤੇ ਹੋਰ ਕੰਮਕਾਜੀ ਜਮਾਤਾਂ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ ਹੈ। ਕਰਨਾਟਕ ਵਿੱਚ ਕਈ ਸੰਗਠਨਾਂ ਨੇ ਬੰਦ ਦਾ ਸਮਰਥਨ ਕਰਨ ਲਈ ਬੈਂਗਲੁਰੂ ਟਾਊਨ ਹਾਲ ਖੇਤਰ ਤੋਂ ਮੈਸੂਰ ਬੈਂਕ ਸਰਕਲ ਤੱਕ ਰੈਲੀ ਕੱਢੀ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਬੰਦ ਨੂੰ ਭਰਪੂਰ ਸਮਰਥਨ ਮਿਲਿਆ ਹੈ ਅਤੇ ਕਈ ਸੂਬਿਆਂ ’ਚ ਕਿਸਾਨਾਂ ਦੇ ਨਾਲ ਨਾਲ ਹੋਰ ਜਥੇਬੰਦੀਆ ਨੇ ਇਸ ਨੂੰ ਸਫ਼ਲ ਬਣਾਇਆ। ਬੰਦ ਨੂੰ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਤੇਲਗੂ ਦੇਸਮ, ਬਹੁਜਨ ਸਮਾਜ ਪਾਰਟੀ, ਖੱਬੇ ਪੱਖੀ ਪਾਰਟੀਆਂ, ਸਵਰਾਜ ਇੰਡੀਆ, ਵਾਈਐੱਸਆਰ ਕਾਂਗਰਸ ਆਦਿ ਪਾਰਟੀਆਂ ਨੇ ਹਮਾਇਤ ਦਿੱਤੀ ਸੀ।
ਬੰਦ ਪੂਰੀ ਤਰ੍ਹਾਂ ਸਫ਼ਲ ਰਿਹਾ: ਟਿਕੈਤ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੰਦ ਦੌਰਾਨ ਭਰਪੂਰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਛੇਤੀ ਹੀ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ। ‘ਅਸੀਂ ਹਰ ਚੀਜ਼ ਨੂੰ ਸੀਲ ਨਹੀਂ ਕਰ ਸਕਦੇ ਹਾਂ ਇਸ ਕਰਕੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਵੀ ਦਿੱਤੀ ਗਈ ਹੈ। ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਕੋਈ ਗੱਲਬਾਤ ਨਹੀਂ ਹੋ ਰਹੀ ਹੈ।’ ਟਿਕੈਤ ਨੇ ਬੰਦ ਕਾਰਨ ਲੋਕਾਂ ਨੂੰ ਹੋਈ ਤਕਲੀਫ਼ ’ਤੇ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਇਕ ਦਿਨ ਆਈ ਦਿੱਕਤ ਨੂੰ ਭੁਲਾ ਦੇਣ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 10 ਮਹੀਨਿਆਂ ਤੋਂ ਆਪਣੇ ਘਰ-ਬਾਰ ਛੱਡ ਕੇ ਸੜਕਾਂ ’ਤੇ ਹਨ ਪਰ ਬੋਲੀ ਅਤੇ ਅੰਨ੍ਹੀ ਸਰਕਾਰ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ ਅਤੇ ਨਾ ਹੀ ਉਹ ਕੁਝ ਸੁਣ ਰਹੀ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਯੋਗੀ ਆਦਿੱਤਿਆਨਾਥ ਨੇ ਮੈਨੀਫੈਸਟੋ ਵਿੱਚ ਗੰਨੇ ਦੀ ਕੀਮਤ 375-450 ਰੁਪਏ ਤੱਕ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਇਸ ਵਿੱਚ ਸਿਰਫ਼ 25 ਰੁਪਏ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕੀ ਹੈ ਅਤੇ ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ’ਤੇ ਨਹੀਂ ਖਰੀਦਿਆ ਜਾ ਰਿਹਾ ਹੈ।
ਕਿਸਾਨਾਂ ਨੇ ਸਭ ਦੇ ਮੂੰਹ ਬੰਦ ਕੀਤੇ: ਯੋਗੇਂਦਰ ਯਾਦਵ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਮੋਢੀ ਆਗੂਆਂ ਵਿੱਚੋਂ ਇੱਕ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨਾਂ ਨੇ ਇਕ ਵਾਰ ਫਿਰ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਆਖ ਰਹੇ ਸਨ ਕਿ ਇਹ ਦੇਸ਼ ਦੇ ਕੁਝ ਹਿੱਸਿਆਂ ਦੇ ਕਿਸਾਨਾਂ ਦਾ ਹੀ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਬੰਦ ਰਿਹਾ। ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੰਦੋਲਨ ਦਾ ਸਮਰਥਨ ਕਰ ਦਿੱਤਾ। ਹਰਿਆਣਾ ਵਿੱਚ ਸਭ ਕੁਝ ਬੰਦ ਰਿਹਾ। ਉਨ੍ਹਾਂ ਕਿਹਾ ਕਿ ਬਿਹਾਰ ’ਚ ਵੀ ਸਮਰਥਨ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਜਨਤਾ ਦਲ (ਸੰਯੁਕਤ) ਦੇ ਉਸ ਬੁਲਾਰੇ ਨੂੰ ਹੁਣ ਇਸ ਅਹੁਦੇ ਤੋਂ ਹਟਾ ਦਿੱਤਾ ਜਾਵੇ ਜਿਸ ਨੇ ਬੀਤੀ ਸ਼ਾਮ ਅੰਦੋਲਨ ਤੇ ਭਾਰਤ ਬੰਦ ਬਾਰੇ ਟਿੱਪਣੀ ਕੀਤੀ ਸੀ ‘ਬਾਂਦਰ ਹਨ, ਨੱਚਣਗੇ’। ਯਾਦਵ ਨੇ ਚਿਤਾਵਨੀ ਦਿੱਤੀ ਕਿ ‘ਜੇਡੀਯੂ’ ਕਾਰਵਾਈ ਕਰੇ, ਨਹੀਂ ਤਾਂ ਕਿਸਾਨ ਜਵਾਬ ਦੇਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਦੇ ਸੂਬੇ ਮੱਧ ਪ੍ਰਦੇਸ਼ ਵਿੱਚ ਵੀ ਬੰਦ ਨੂੰ ਸਮਰਥਨ ਮਿਲਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਮਮਤਾ ਦੀ ਸਰਕਾਰ ਨੇ ‘ਭਾਰਤ ਬੰਦ’ ਦਾ ਸਮਰਥਨ ਨਹੀਂ ਕੀਤਾ ਪਰ ਫਿਰ ਵੀ ਪੱਛਮੀ ਬੰਗਾਲ ਦੇ ਲੋਕਾਂ ਤੇ ਉੱਥੋਂ ਦੀਆਂ ਖੱਬੀਆਂ ਧਿਰਾਂ ਸਮੇਤ ਹੋਰ ਪਾਰਟੀਆਂ ਨੇ ਬੰਦ ਦਾ ਸਮਰਥਨ ਕੀਤਾ।
ਦਿੱਲੀ-ਐੱਨਸੀਆਰ ਵਿੱਚ ਲੱਗਿਆ ਭਾਰੀ ਜਾਮ
ਨਵੀਂ ਦਿੱਲੀ: ਦਿੱਲੀ ਨਾਲ ਲਗਦੀਆਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਵੀ ਸੜਕਾਂ ਜਾਮ ਕਰਕੇ ਮੁਕੰਮਲ ਤੌਰ ’ਤੇ ਬੰਦ ਰੱਖਿਆ ਗਿਆ। ਦਿੱਲੀ-ਐੱਨਸੀਆਰ ਖ਼ਿੱਤੇ, ਗੁੜਗਾਉਂ, ਗਾਜ਼ੀਆਬਾਦ ਅਤੇ ਨੋਇਡਾ ’ਚ ਆਵਾਜਾਈ ਰੋਕੇ ਜਾਣ ਕਾਰਨ ਸੜਕਾਂ ’ਤੇ ਭਾਰੀ ਜਾਮ ਦੇਖਣ ਨੂੰ ਮਿਲੇ। ਕਈ ਥਾਵਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਜੋ ਸ਼ਾਮ ਨੂੰ 6 ਵਜੇ ਬੰਦ ਖੁੱਲ੍ਹਣ ਮਗਰੋਂ ਹੀ ਅੱਗੇ ਵਧ ਸਕੀਆਂ। ਟਰੇਡ ਯੂਨੀਅਨਾਂ ਨੇ ਸਾਂਝੇ ਤੌਰ ’ਤੇ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਮੋਰਚੇ ਦੀਆਂ ਯੂਨੀਅਨਾਂ ਵੱਲੋਂ ਕੇਐੱਮਪੀ ਮਾਰਗ ਨੂੰ ਸਿੰਘੂ ਬਾਰਡਰ ਨੇੜੇ ਅਤੇ ਗਾਜ਼ੀਪੁਰ ਵਿਖੇ ਡਾਸਨਾ ਕੋਲ ਰੋਕਿਆ ਗਿਆ। ਪਲਵਲ ਮੋਰਚੇ ’ਤੇ ਬੈਠੇ ਕਿਸਾਨਾਂ ਨੇ ਦਿੱਲੀ-ਆਗਰਾ ਮਾਰਗ ਕੁੱਝ ਦੇਰ ਲਈ ਰੋਕਿਆ। ਟਿਕਰੀ ਬਾਰਡਰ ਨੇੜੇ ਬਹਾਦਰਗੜ੍ਹ ਰੇਲਵੇ ਸਟੇਸ਼ਨ ਉਪਰ ਵੀ ਧਰਨਾ ਦਿੱਤਾ ਗਿਆ। ਦਿੱਲੀ ਦੇ ਦੁਆਲੇ 10 ਮਹੀਨਿਆਂ ਤੋਂ ਲਗਾਤਾਰ ਲੱਗੇ ਮੋਰਚਿਆਂ ’ਚ ਅੱਜ ਕਿਸਾਨਾਂ ਵਿੱਚ ਗਜ਼ਬ ਦਾ ਉਤਸ਼ਾਹ ਨਜ਼ਰ ਆਇਆ ਅਤੇ ਕਿਸਾਨ ਬੁਲਾਰਿਆਂ ਦੀਆਂ ਜੋਸ਼ੀਲੀਆਂ ਤਕਰੀਰਾਂ ਦਾ ਕਿਸਾਨਾਂ ਨੇ ਜ਼ੋਰਦਾਰ ਨਾਅਰੇ ਲਾ ਕੇ ਹਾਂ-ਪੱਖੀ ਜਵਾਬ ਦਿੱਤਾ। ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਖੇਤੀ ਕਾਨੂੰਨਾਂ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਸੜਕਾਂ ਅਤੇ ਰੇਲ ਪਟੜੀਆਂ ’ਤੇ ਧਰਨੇ ਦਿੱਤੇ।
ਭਾਰਤ ਬੰਦ ਨੂੰ ਦੇਸ਼ ਭਰ ਵਿੱਚ ਮਿਲੀ ਹਮਾਇਤ