ਨਵੀਂ ਦਿੱਲੀ, 2 ਦਸੰਬਰ
ਯਾਤਰੀਆਂ ਖਾਸ ਕਰਕੇ ਦਫਤਰ ਜਾਣ ਵਾਲਿਆਂ ਨੂੰ ਬੁੱਧਵਾਰ ਨੂੰ ਲੰਬੇ ਟ੍ਰੈਫਿਕ ਜਾਮ ਤੋਂ ਰਾਹਤ ਨਹੀਂ ਮਿਲੀ ਤੇ ਉਨ੍ਹਾਂ ਘੁੰਮ ਘੁਮਾ ਕੇ ਕੰਮਕਾਜ ’ਤੇ ਜਾਣਾ ਪੈ ਰਿਹਾ ਹੈ, ਕਿਉਂਕਿ ਹਜ਼ਾਰਾਂ ਕਿਸਾਨਾਂ ਨੇ ਸੱਤਵੇਂ ਦਿਨ ਰਾਸ਼ਟਰੀ ਰਾਜਧਾਨੀ ਦੇ ਮੁੱਖ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਦਿੱਤਾ ਹੈ। ਪੁਲੀਸ ਨੇ ਹਰਿਆਣਾ-ਦਿੱਲੀ ਸਰਹੱਦ ਨੂੰ ਸਿੰਘੂ ਅਤੇ ਟੀਕਰੀ ਤੋਂ ਆਵਾਜਾਈ ਲਈ ਬੰਦ ਰੱਖਿਆ ਹੋਇਆ ਹੈ, ਉੱਤਰ ਪ੍ਰਦੇਸ਼ ਦੀ ਸਰਹੱਦ ਵਾਲੇ ਗਾਜ਼ੀਪੁਰ ਵਿਖੇ ਵੀ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ।
ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਹੋਏ ਵਿਰੋਧ ਪ੍ਰਦਰਸ਼ਨ ਕਾਰਨ ਰਾਸ਼ਟਰੀ ਰਾਜਧਾਨੀ ਨੂੰ ਰਾਜ ਨਾਲ ਜੋੜਨ ਵਾਲਾ ਮਹੱਤਵਪੂਰਨ ਰਸਤਾ ਬੰਦ ਹੋ ਗਿਆ।
“ਨੋਇਡਾ ਲਿੰਕ ਰੋਡ ’ਤੇ ਚਿੱਲਾ ਸਰਹੱਦ ਗੌਤਮ ਬੁੱਧ ਦੁਵਾਰ ਨੇੜੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਆਵਾਜਾਈ ਲਈ ਬੰਦ ਹੈ। ਟ੍ਰੈਫਿਕ ਪੁਲੀਸ ਨੇ ਟਵੀਟ ਕੀਤਾ ਹੈ ਕਿ ਰਾਸ਼ਟਰੀ ਰਾਜਧਾਨੀ ਨੂੰ ਗੁੜਗਾਉਂ ਅਤੇ ਝੱਜਰ-ਬਹਾਦੁਰਗੜ ਨਾਲ ਜੋੜਨ ਵਾਲੇ ਦੋ ਹੋਰ ਪੁਆਇੰਟਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਜੈਪੁਰ:ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਹੁਣ ਰਾਜਸਥਾਨ ਵਿਚ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਰਾਜਸਥਾਨ ਦੇ ਕਿਸਾਨ ਅਲਵਰ ਜ਼ਿਲ੍ਹੇ ਵਿਚ ਹਰਿਆਣਾ ਦੀ ਸਰਹੱਦ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਰਾਸ਼ਟਰੀ ਕਿਸਾਨ ਮਹਾਂਪੰਚਾਇਤ ਦੇ ਪ੍ਰਧਾਨ ਰਾਮਪਾਲ ਜਾਟ ਦੀ ਅਗਵਾਈ ਹੇਠ ਰਾਜਸਥਾਨ ਦੇ ਕਿਸਾਨਾਂ ਨੇ ਹਰਿਆਣਾ ਦੀ ਸਰਹੱਦ ’ਤੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਥੇ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ। ਫਿਰ ਅਗਲੀ ਰਣਨੀਤੀ ਬਾਰੇ ਕਿਸਾਨ ਫੈਸਲਾ ਲੈਣਗੇ।