ਸ੍ਰੀਨਗਰ, 7 ਫਰਵਰੀ
ਥੋੜ੍ਹੇ ਸਮੇਂ ਦੇ ਵੀਜ਼ਿਆਂ ’ਤੇ ਪਾਕਿਸਤਾਨ ਗਏ ਕਰੀਬ 100 ਕਸ਼ਮੀਰੀ ਨੌਜਵਾਨ ਜਾਂ ਤਾਂ ਵਾਪਸ ਨਹੀਂ ਆਏ ਜਾਂ ਫਿਰ ਮੁੜਨ ਤੋਂ ਬਾਅਦ ਗਾਇਬ ਹੋ ਗਏ ਹਨ। ਇਹ ਅੰਕੜੇ ਪਿਛਲੇ ਤਿੰਨ ਸਾਲਾਂ ਦੇ ਹਨ। ਸੁਰੱਖਿਆ ਏਜੰਸੀਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਇਹ ਸਾਰੇ ਹੁਣ ਸਰਹੱਦ ਪਾਰ ਅਤਿਵਾਦੀ ਸੰਗਠਨਾਂ ਦੇ ‘ਸਲੀਪਰ ਸੈੱਲਾਂ’ ਵਜੋਂ ਸਰਗਰਮ ਹੋ ਸਕਦੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਅਪਰੈਲ ਵਿਚ ਉੱਤਰੀ ਕਸ਼ਮੀਰ ਦੇ ਸਰਹੱਦੀ ਇਲਾਕੇ ਹੰਦਵਾੜਾ ਦੇ ਜੰਗਲੀ ਖੇਤਰ ਵਿਚ ਪੰਜ ਅਤਿਵਾਦੀ ਮਾਰੇ ਗਏ ਸਨ ਤੇ ਉਸ ਵੇਲੇ ਵੀ ਏਜੰਸੀਆਂ ਨੇ ਚਿਤਾਵਨੀ ਜਾਰੀ ਕੀਤੀ ਸੀ। ਉਨ੍ਹਾਂ ਵਿਚੋਂ ਇਕ ਸਥਾਨਕ ਨਾਗਰਿਕ ਸੀ ਜੋ 2018 ਵਿਚ ਪਾਕਿਸਤਾਨ ਗਿਆ ਸੀ ਤੇ ਮਗਰੋਂ ਵਾਪਸ ਨਹੀਂ ਆਇਆ। ਇਸ ਗੱਲ ਦੀ ਪੁਸ਼ਟੀ ਕਈ ਸੁਰੱਖਿਆ ਏਜੰਸੀਆਂ ਨੇ ਕੀਤੀ ਸੀ। ਪਿਛਲੇ ਸਾਲ ਅਪਰੈਲ ਮਹੀਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ, ਕੁਲਗਾਮ ਤੇ ਅਨੰਤਨਾਗ ਜ਼ਿਲ੍ਹਿਆਂ ਦੇ ਕਈ ਨੌਜਵਾਨ ਘੁਸਪੈਠ ਕਰਨ ਵਾਲੇ ਅਤਿਵਾਦੀਆਂ ਦੇ ਸਮੂਹਾਂ ਵਿਚ ਦੇਖੇ ਗਏ ਤੇ ਇਹ ਸਾਰੇ ਸਹੀ ਦਸਤਾਵੇਜ਼ਾਂ ਰਾਹੀਂ ਪਾਕਿਸਤਾਨ ਗਏ ਸਨ ਤੇ ਕਦੇ ਵਾਪਸ ਨਹੀਂ ਆਏ। ਏਜੰਸੀਆਂ ਨੇ ਵਾਹਗਾ ਸਰਹੱਦ ਅਤੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਰਾਬਤਾ ਕਰ ਕੇ ਉਨ੍ਹਾਂ ਕਸ਼ਮੀਰੀ ਨੌਜਵਾਨਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ ਜੋ ਪਿਛਲੇ ਤਿੰਨ ਸਾਲਾਂ ਦੌਰਾਨ ਵੀਜ਼ਾ ਲੈ ਕੇ ਹਫ਼ਤਾ ਜਾਂ ਉਸ ਤੋਂ ਘੱਟ ਸਮੇਂ ਲਈ ਪਾਕਿਸਤਾਨ ਗਏ ਸਨ। -ਪੀਟੀਆਈ