ਨਵੀਂ ਦਿੱਲੀ, 30 ਮਈ
ਭਾਰਤੀ ਵਣਜ ਤੇ ਸਨਅਤੀ ਚੈਂਬਰਾਂ ਦੀ ਫੈਡਰੇਸ਼ਨ (ਫਿੱਕੀ) ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕੀਤੀ ਹੈ। ਫਿੱਕੀ ਨੇ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਏ ਮੌਜੂਦਾ ਹਾਲਾਤ ਪ੍ਰੀਖਿਆਵਾਂ ਕਰਵਾਉਣ ਲਈ ਸੁਖਾਵੇਂ ਨਹੀਂ ਹਨ।
ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਲਿਖੇ ਇਕ ਪੱਤਰ ਵਿਚ ਫਿੱਕੀ ਦੇ ਪ੍ਰਧਾਨ ਉਦੈ ਸ਼ੰਕਰ ਨੇ ਕਿਹਾ ਕਿ ਵਿਦਿਆਰਥੀਆਂ ਦਾ ਅਕਾਦਮਿਕ ਵਿਕਾਸ ਨਿਸ਼ਚਿਤ ਕਰਨ ਲਈ ਬਦਲਵਾਂ ਹੱਲ ਲੱਭਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੇਰੀ ਨਾਲ ਹੋਣ ਕਰ ਕੇ ਨਾ ਸਿਰਫ਼ ਉਹ ਵਿਦਿਆਰਥੀ ਪ੍ਰਭਾਵਿਤ ਹੋਣਗੇ ਜੋ ਭਾਰਤ ਦੀਆਂ ਉਚੇਰੀ ਸਿੱਖਿਆ ਵਾਲੀਆਂ ਸੰਸਥਾਵਾਂ ’ਚ ਦਾਖ਼ਲਾ ਲੈਣਾ ਚਾਹੁੰਦੇ ਹਨ, ਬਲਕਿ ਇਸ ਨਾਲ ਉਨ੍ਹਾਂ ਵਿਦਿਆਰਥੀਆਂ ਦੇ ਸੁਫ਼ਨੇ ਵੀ ਟੁੱਟ ਜਾਣਗੇ ਜੋ ਵਿਦੇਸ਼ਾਂ ਵਿਚ ਜਾ ਕੇ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਦੇਸ਼ ਵਿਚ ਅਜੇ ਵੀ ਕੋਵਿਡ ਦੇ ਕੇਸ ਵੱਡੀ ਗਿਣਤੀ ਵਿਚ ਆ ਰਹੇ ਹਨ। ਅਜਿਹੇ ਹਾਲਾਤ ਪ੍ਰੀਖਿਆਵਾਂ ਕਰਵਾਉਣ ਲਈ ਸੁਖਾਵੇਂ ਨਹੀਂ ਹਨ। ਫਿੱਕੀ ਜ਼ੋਰਦਾਰ ਸਿਫ਼ਾਰਿਸ ਕਰਦੀ ਹੈ ਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ।’’
ਸ੍ਰੀ ਸ਼ੰਕਰ ਨੇ ਮਸ਼ਵਰਾ ਦਿੱਤਾ ਕਿ ਸੀਬੀਐੱਸਈ ਨੂੰ ਸਕੂਲਾਂ ਨੂੰ ਅਕਾਦਮਿਕ ਵਰ੍ਹੇ 2020-21 ਦੌਰਾਨ ਕਰਵਾਏ ਗਏ ਟੈਸਟਾਂ/ਪ੍ਰੀਖਿਆਵਾਂ ਵਿਚ ਹਾਸਲ ਕੀਤੇ ਗਏ ਅੰਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਵਿਦਿਆਰਥੀ ਨੂੰ ਢੁੱਕਵੀਂ ਤਰਜੀਹ ਦੇ ਦੇਣੀ ਚਾਹੀਦੀ ਹੈ। -ਪੀਟੀਆਈ