ਸ੍ਰੀਨਗਰ, 12 ਨਵੰਬਰ
ਸ੍ਰੀਨਗਰ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਅਤਿਵਾਦੀ ਨੂੰ ਸ਼ਹਿਰ ਵਿੱਚ ਆਤਮਘਾਤੀ ਹਮਲੇ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਉਹ ਮੁਜਾਹਦੀਨ ਗਜ਼ਵਤ-ਉਲ-ਹਿੰਦ ਦਾ ਮੈਂਬਰ ਸੀ। ਇਸ ਦੇ ਨਾਲ ਹੀ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਹੋਏ ਮੁਕਾਬਲੇ ਵਿੱਚ ਮਾਰੇ ਗਏ ਦੋ ਅਤਿਵਾਦੀਆਂ ਵਿੱਚੋਂ ਇੱਕ ਹਿਜ਼ਬੁਲ ਮੁਜਾਹਦੀਨ ਦਾ ਜ਼ਿਲ੍ਹਾ ਕਮਾਂਡਰ ਸੀ। ਸ੍ਰੀਨਗਰ ਵਿੱਚ ਮਾਰਿਆ ਗਿਆ ਅਤਿਵਾਦੀ ਫਰਵਰੀ 2019 ਵਿੱਚ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਦੋਸ਼ੀ ਦਾ ਰਿਸ਼ਤੇਦਾਰ ਸੀ, ਜਿਸ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਦੇ 40 ਜਵਾਨ ਸ਼ਹੀਦ ਹੋਏ ਸਨ। ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ (ਆਈਜੀਪੀ) ਵਿਜੇ ਕੁਮਾਰ ਨੇ ਟਵੀਟ ਕੀਤਾ, ‘ਸ੍ਰੀਨਗਰ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਅਤਿਵਾਦੀ ਦੀ ਪਛਾਣ ਪੁਲਵਾਮਾ ਦੇ ਆਮਿਰ ਰਿਆਜ਼ ਵਜੋਂ ਹੋਈ ਹੈ, ਜੋ ਅਤਿਵਾਦੀ ਜਥੇਬੰਦੀ ਮੁਜਾਹਦੀਨ ਗਜ਼ਵਤ-ਉਲ-ਹਿੰਦ ਦਾ ਮੈਂਬਰ ਸੀ। ਉਹ ਪੁਲਵਾਮਾ ਹਮਲੇ ਦੇ ਦੋਸ਼ੀ ਦਾ ਰਿਸ਼ਤੇਦਾਰ ਸੀ ਤੇ ਉਸ ਨੂੰ ਆਤਮਘਾਤੀ ਹਮਲਾ ਕਰਨ ਦਾ ਕੰਮ ਦਿੱਤਾ ਗਿਆ ਸੀ।’ ਮੁਕਾਬਲਾ ਸ੍ਰੀ ਨਗਰ ਵਿੱਚ ਵੀਰਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ। ਮੁਕਾਬਲੇ ਵਾਲੀ ਥਾਂ ਤੋਂ ਏਕੇ ਰਾਈਫਲ ਤੇ ਅਤਿਵਾਦੀ ਦੀ ਲਾਸ਼ ਮਿਲੀ ਹੈ।