ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਜੁਲਾਈ
ਸੰਸਦ ਦੀ ਤਰਜ਼ ’ਤੇ ਜੰਤਰ-ਮੰਤਰ ਉੱਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੇ ਪੰਜਵੇਂ ਦਿਨ ਅੱਜ ਕੇਂਦਰ ਸਰਕਾਰ ਵੱਲੋਂ ਗ਼ੈਰ-ਲੋਕਤੰਤਰੀ ਅਤੇ ਗ਼ੈਰ-ਸੰਵਿਧਾਨਕ ਤਰੀਕਿਆਂ ਨਾਲ ਪਿਛਲੇ ਸਾਲ ਲਿਆਂਦੇ ਗਏ ਕੰਟਰੈਕਟ ਫਾਰਮਿੰਗ ਐਕਟ ’ਤੇ ਚਰਚਾ ਹੋਈ। ਚਰਚਾ ਵਿਚ ਹਿੱਸਾ ਲੈਣ ਵਾਲੇ ਕਿਸਾਨਾਂ ਨੇ ਠੇਕਾ ਅਧਾਰਤ ਖੇਤੀ ਬਾਰੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਕਾਨੂੰਨ ਕਾਰਪੋਰੇਟ ਖੇਤੀ ਅਤੇ ਸਰੋਤਾਂ ਨੂੰ ਹਥਿਆਉਣ ਦੀ ਸਹੂਲਤ ਬਾਰੇ ਹਨ। ਇਸ ਦੌਰਾਨ ਵਾਤਾਵਰਨ ਦੇ ਵਿਗਾੜ ਦੇ ਨਾਲ ਨਾਲ ਠੇਕੇ ਦੀ ਖੇਤੀ ਤੋਂ ਅਨਾਜ ਦੀ ਸੁਰੱਖਿਆ ਲਈ ਸੰਭਾਵਿਤ ਖ਼ਤਰੇ ਨੂੰ ਵੀ ਉਜਾਗਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਨੂੰਨਾਂ ਦੇ ਨਾਂ ’ਤੇ ਕਿਸਾਨਾਂ ਨਾਲ ਮਜ਼ਾਕ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੰਟਰੈਕਟ ਫਾਰਮਿੰਗ ਐਕਟ ’ਤੇ ਬਹਿਸ ਭਲਕੇ ਵੀ ਜਾਰੀ ਰਹੇਗੀ।