ਹੈਦਰਾਬਾਦ, 22 ਸਤੰਬਰ
ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਕਿਹਾ ਕਿ ਦੇਸ਼ ਦੀਆਂ 19 ਵਿਰੋਧੀ ਪਾਰਟੀਆਂ ਵੱਲੋਂ ਮੁਲਕ ਨੂੰ ਬਚਾਉਣ ਲਈ ਸ਼ੁਰੂ ਕੀਤੀ ਲੜਾਈ ਦਾ ਲੋਕ ਅੰਦੋਲਨ ਵਜੋਂ ਆਗਾਜ਼ ਹੋਇਆ ਹੈ ਤੇ ਇਹ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਈ ਪਾਰਟੀਆਂ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੀਆਂ ਹਨ। ਯੇਚੁਰੀ, ਜੋ ਅੱਜ ਇਥੇ ਗੈਰ-ਭਾਜਪਾ ਤੇ ਗੈਰ-ਟੀਆਰਐੱਸ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ, ਨੇ 19 ਵਿਰੋਧੀ ਪਾਰਟੀਆਂ ਵੱਲੋਂ ਦੇਸ਼ ਭਰ ਵਿੱਚ 20 ਤੋਂ 30 ਸਤੰਬਰ ਦੌਰਾਨ ਸਾਂਝੇ ਧਰਨੇ ਪ੍ਰਦਰਸ਼ਨ ਕਰਨ ਦੇ ਕੀਤੇ ਐਲਾਨ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ 19 ਪਾਰਟੀਆਂ ਵਿੱਚ ਸਮਾਜਵਾਦੀ ਪਾਰਟੀ ਵੀ ਸ਼ਾਮਲ ਹੈ। ਇਥੇ ‘ਧਰਨਾ ਚੌਕ’ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਯੇਚੁਰੀ ਨੇ ਕਿਹਾ, ‘‘ਅੱਜ ਮੁੱਖ ਮੰਤਵ ਮੋਦੀ ਸਰਕਾਰ ਤੋਂ ਕੁਝ ਮੰਗਾਂ ਮਨਵਾਉਣਾ ਨਹੀਂ ਹੈ। ਅੱਜ ਤਾਂ ਸ਼ੁਰੂਆਤ ਹੈ। ਸਾਨੂੰ ਪਹਿਲਾਂ ਭਾਰਤ ਨੂੰ ਬਚਾਉਣਾ ਹੋਵੇਗਾ। ਇਸ ਧਰਨੇ ਦੀ ਇਹੀ ਮਹੱਤਤਾ ਹੈ ਕਿ ਮੁਲਕ ਨੂੰ ਬਚਾਉਣ ਲਈ ਲੋਕ ਅੰਦੋਲਨ ਸ਼ੁਰੂ ਹੋ ਗਿਆ ਹੈ।’’ ਉਨ੍ਹਾਂ ਕਿਹਾ ਕਿ ਇਹ ਅੰਦੋਲਨ 30 ਸਤੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ, ‘‘19 ਪਾਰਟੀਆਂ ਦੇਸ਼ ਪੱਧਰ ’ਤੇ ਇਕੱਠੀਆਂ ਹੋਈਆਂ ਹਨ। ਪਰ ਕਈ ਪਾਰਟੀਆਂ ਹਰ ਰਾਜ ਵਿੱਚ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ। ਇਸ ਦਾ ਵਿਸ਼ਾਲ ਲੋਕ ਮੁਹਿੰਮ ਵਜੋਂ ਆਗਾਜ਼ ਹੋਇਆ ਹੈ। ਇਹ ਲੜਾਈ ਦੇਸ਼ ਨੂੰ ਬਚਾਉਣ ਤੇ ਮੋਦੀ ਨੂੰ ਗੱਦੀਓਂ ਲਾਹੁਣ ਤੱਕ ਜਾਰੀ ਰਹੇਗੀ।’’ -ਪੀਟੀਆਈ