ਬੀਕਾਨੇਰ, 8 ਫਰਵਰੀ
ਭਾਰਤ ਅਤੇ ਅਮਰੀਕਾ ਦੀਆਂ ਫ਼ੌਜਾਂ ਨੇ ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਅੱਜ ਸਾਂਝੀਆਂ ਜੰਗੀ ਮਸਕਾਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਫ਼ੌਜ ਦੇ 170 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਮੁਕੇਸ਼ ਭਾਨਵਾਲਾ ਨੇ ਫਾਇਰਿੰਗ ਰੇਂਜ ’ਤੇ ਅਮਰੀਕੀ ਫੌਜੀਆਂ ਦਾ ਸਵਾਗਤ ਕੀਤਾ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਅਮਿਤਾਭ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦ ਵਿਚਾਰਾਂ, ਧਾਰਨਾਵਾਂ ਨੂੰ ਸਾਂਝਾ ਕਰਨ ਦੀ ਅਹਿਮੀਅਤ ਅਤੇ ਫ਼ੌਜੀਆਂ ਵਿਚਾਲੇ ਸਰਬੋਤਮ ਰਵਾਇਤਾਂ ਅਤੇ ਇੱਕ-ਦੂਜੇ ਦੇ ਅਪਰੇਸ਼ਨ ਅਨੁਭਵਾਂ ਤੋਂ ਸਿੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਫ਼ੌਜ ਦੇ ਤਰਜਮਾਨ ਨੇ ਬਿਆਨ ਵਿੱਚ ਕਿਹਾ, ‘‘ਇਹ ਅਭਿਆਸ ਦੋਵਾਂ ਦਸਤਿਆਂ ਵਿਚਾਲੇ ਇੱਕ-ਦੂਜੇ ਦੇ ਅਤਿਵਾਦ ਵਿਰੋਧੀ ਅਪਰੇਸ਼ਨਾਂ ਸਬੰਧੀ ਅਮੀਰ ਤਜਰਬੇ ਨੂੰ ਨਿਪੁੰਨ ਬਣਾਏਗਾ। ਅਤਿਵਾਦੀ ਵਿਰੋਧੀ ਅਪਰੇਸ਼ਨਾਂ ਤੋਂ ਇਲਾਵਾ ਇਸ ਅਭਿਆਸ ਦਾ ਮੁੱਖ ਮੰਤਵ ਮਨੁੱਖੀ ਸਹਿਯੋਗ ਅਤੇ ਆਫ਼ਤ ਨਾਲ ਨਜਿੱਠਣ ਸਬੰਧੀ ਅਨੁਭਵਾਂ ਨੂੰ ਸਾਂਝਾ ਕਰਨਾ ਵੀ ਹੋਵੇਗਾ।’’ ਦੁਵੱਲਾ ਜੰਗੀ ਅਭਿਆਸ 21 ਫਰਵਰੀ ਤੱਕ ਚੱਲੇਗਾ। ਇਹ 14 ਦਿਨ ਦਾ ਦੁਵੱਲਾ ਯੁੱਧ ਅਭਿਆਸ ਸੰਯੁਕਤ ਰਾਸ਼ਟਰ ਦੇ ਮੰਤਵਾਂ ਤਹਿਤ ਰੇਗਿਸਤਾਨੀ ਇਲਾਕੇ ਦੀ ਪਿੱਠਭੂਮੀ ਵਿੱਚ ਅਤਿਵਾਦ ਰੋਕੂ ਮੁਹਿੰਮਾਂ ’ਤੇ ਕੇਂਦਰਤ ਰਹੇਗਾ। ਇਸ ਤੋਂ ਪਹਿਲਾਂ ਭਾਰਤ ਅਤੇ ਫਰਾਂਸ ਦੀਆਂ ਹਵਾਈ ਫ਼ੌਜਾਂ ਰਾਜਸਥਾਨ ਵਿੱਚ ਜਨਵਰੀ ਮਹੀਨੇ ਪੰਜ ਦਿਨ ਫ਼ੌਜੀ ਅਭਿਆਸ ਕਰ ਚੁੱਕੀਆਂ ਹਨ। -ਪੀਟੀਆਈ