ਚੰਡੀਗੜ੍ਹ, 4 ਅਗਸਤ
ਫਿਲਮ ਨਿਰਮਾਤਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਪੰਜਾਬੀ ਫਿਲਮ ਦੇ ਪ੍ਰਚਾਰ ਲਈ ਕੀਤੇ ਸਮਝੌਤੇ ’ਤੇ ਅਮਲ ਨਾ ਕਰਨ ਦਾ ਦੋਸ਼ ਲਾਉਂਦਿਆਂ ਵੀਰਵਾਰ ਨੂੰ ਸਥਾਨਕ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ। ਉਪਾਸਨਾ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕਰਕੇ ਸੰਧੂ ਵੱਲੋਂ ਕਥਿਤ ਤੌਰ ‘ਤੇ ਇਕਰਾਰਨਾਮੇ ਦੀ ਉਲੰਘਣਾ ਲਈ ਹਰਜਾਨੇ ਦੀ ਮੰਗ ਕੀਤੀ ਹੈ। ਸੰਧੂ ਨੇ ਫਿਲਮ ‘ਬਾਈ ਜੀ ਕੁਟਣਗੇ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਨਿਰਮਾਤਾ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਹਰਨਾਜ਼ ਨੂੰ ਫਿਲਮ ‘ਬਾਈ ਜੀ ਕੁਟਣਗੇ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਇੰਨਾ ਹੀ ਨਹੀਂ ਉਸ ਨੇ ਫਿਲਮ ‘ਯਾਰਾ ਦੀਆਂ ਪੌਅ ਬਾਰਾਂ’ ਵਿੱਚ ਵੀ ਉਸ ਨੂੰ ਲਿਆ। ਨਿਰਮਾਤਾ ਨੇ ਦਾਅਵਾ ਕੀਤਾ ਕਿ ਮਿਸ ਯੂਨੀਵਰਸ (2021) ਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐਲਐਲਪੀ ਨਾਲ ਹੋਏ ਸਮਝੌਤੇ ਤਹਿਤ ਫਿਲਮ ਦੇ ਪ੍ਰਚਾਰ ਵਿੱਚ ਸ਼ਾਮਲ ਹੋਣਾ ਸੀ ਪਰ ਉਸਨੇ ਫਿਲਮ ਦੇ ਪ੍ਰਚਾਰ ਲਈ ਤਰੀਕਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। -ਏਜੰਸੀ