ਮੁੰਬਈ, 2 ਜੂਨ
ਕੇਕੇ ਦੇ ਨਾਮ ਤੋਂ ਮਸ਼ਹੂਰ ਗਾਇਕ ਕ੍ਰਿਸ਼ਨਕੁਮਾਰ ਕੁਨਾਥ (53) ਦਾ ਅੱਜ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਫਿਲਮੀ ਭਾਈਚਾਰੇ ਦੀ ਹਾਜ਼ਰੀ ’ਚ ਵਰਸੋਵਾ ਦੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੇਕੇ ਦਾ ਮੰਗਲਵਾਰ ਰਾਤ ਇਕ ਸੰਗੀਤ ਪ੍ਰੋਗਰਾਮ ਤੋਂ ਬਾਅਦ ਅਚਾਨਕ ਦੇਹਾਂਤ ਹੋ ਗਿਆ ਸੀ। ਗਾਇਕ ਦੀ ਦੇਹ ਨੂੰ ਐਂਬੂਲੈਂਸ ’ਤੇ ਫੁੱਲਾਂ ਨਾਲ ਸਜਾ ਕੇ ਸ਼ਮਸ਼ਾਨਘਾਟ ਪਹੁੰਚਾਇਆ ਗਿਆ। ਪੁੱਤਰ ਨਕੁਲ ਨੇ ਕੇਕੇ ਨੂੰ ਚਿਖਾ ਦਿਖਾਈ। ਇਸ ਮੌਕੇ ਕੇਕੇ ਦੇ ਨਜ਼ਦੀਕੀ ਦੋਸਤ ਵਿਸ਼ਾਲ ਭਾਰਦਵਾਜ, ਪਤਨੀ ਰੇਖਾ, ਫਿਲਮਸਾਜ਼ ਅਸ਼ੋਕ ਪੰਡਿਤ, ਜਾਵੇਦ ਅਖ਼ਤਰ, ਸ਼ੰਕਰ ਮਹਾਦੇਵਨ, ਉਦਿਤ ਨਾਰਾਇਣ, ਅਭਿਜੀਤ ਭੱਟਾਚਾਰਿਆ ਆਦਿ ਨੇ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਸ਼੍ਰੇਆ ਘੋਸ਼ਾਲ, ਸਲੀਮ ਮਰਚੈਂਟ, ਅਲਕਾ ਯਾਗਨਿਕ, ਰਾਹੁਲ ਵੈਦਿਆ, ਜਾਵੇਦ ਅਲੀ, ਪਾਪੋਨ, ਸ਼ਾਂਤਨੂ ਮੋਇਤਰਾ ਅਤੇ ਸੁਦੇਸ਼ ਭੌਂਸਲੇ ਨੇ ਕੇਕੇ ਦੀ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕੇਕੇ ਦੀ ਰਿਹਾਇਸ਼ ਦੇ ਬਾਹਰ ਅਭਿਜੀਤ ਭੱਟਾਚਾਰਿਆ ਨੇ ਕਿਹਾ,‘‘ਇਹ ਵੱਡਾ ਘਾਟਾ ਹੈ। ਪੂਰਾ ਫਿਲਮੀ ਜਗਤ ਸਦਮੇ ’ਚ ਹੈ। ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਐਸੀਡਿਟੀ ਨੂੰ ਛੱਡ ਕੇ ਸਿਹਤ ਦੀ ਹੋਰ ਕੋਈ ਸਮੱਸਿਆ ਨਹੀਂ ਸੀ।’’ ਕੇਕੇ ਨੇ ਸੰਗੀਤ ਦੀ ਕੋਈ ਰਸਮੀ ਸਿਖਲਾਈ ਨਹੀਂ ਲਈ ਸੀ ਪਰ 1996 ’ਚ ਗੁਲਜ਼ਾਰ ਨਿਰਦੇਸ਼ਿਤ ਫਿਲਮ ‘ਮਾਚਿਸ’ ਨਾਲ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਮਗਰੋਂ ਉਹ ਮਸ਼ਹੂਰ ਗਾਇਕ ਵਜੋਂ ਉਭਰਿਆ ਸੀ। ਗਾਇਕ ਹਰੀਹਰਨ ਨੇ ਕੇਕੇ ਦੀ ਗਾਇਕੀ ਦਿੱਲੀ ’ਚ ਸੁਣਨ ਮਗਰੋਂ ਉਸ ਨੂੰ ਮੁੰਬਈ ’ਚ ਆਉਣ ਲਈ ਹੱਲਾਸ਼ੇਰੀ ਦਿੱਤੀ ਸੀ। ਉਨ੍ਹਾਂ ‘ਮਾਚਿਸ’ ਦੇ ਗੀਤ ‘ਛੋੜ ਆਏ ਹਮ ਵੋਹ ਗਲੀਆਂ’ ’ਚ ਸੁਰੇਸ਼ ਵਾਡੇਕਰ ਅਤੇ ਵਿਨੋਦ ਸਹਿਗਲ ਨਾਲ ਆਵਾਜ਼ ਦਿੱਤੀ ਸੀ। ਕੇਕੇ ਨੇ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ ਅਤੇ ਬੰਗਾਲੀ ਸਮੇਤ ਹੋਰ ਭਾਸ਼ਾਵਾਂ ’ਚ ਵੀ ਯਾਦਗਾਰੀ ਗੀਤ ਗਾਏ ਹਨ। ਉਨ੍ਹਾਂ ਦੇ ਗੀਤ ਸ਼ਾਹਰੁਖ ਖ਼ਾਨ, ਇਮਰਾਨ ਹਾਸ਼ਮੀ, ਸਲਮਾਨ ਖ਼ਾਨ, ਰਿਤਿਕ ਰੌਸ਼ਨ, ਆਰ ਮਾਧਵਨ, ਵਿਵੇਕ ਓਬਰਾਏ ਤੇ ਰਣਬੀਰ ਕਪੂਰ ਸਮੇਤ ਹੋਰ ਅਦਾਕਾਰਾਂ ’ਤੇ ਫਿਲਮਾਏ ਗਏ ਹਨ। -ਪੀਟੀਆਈ
ਕੇਕੇ ਨੂੰ ਸਮੇਂ ਸਿਰ ਸਹਾਇਤਾ ਮਿਲਦੀ ਤਾਂ ਜਾਨ ਬਚ ਸਕਦੀ ਸੀ: ਡਾਕਟਰ
ਕੋਲਕਾਤਾ: ਉੱਘੇ ਬੌਲੀਵੁੱਡ ਗਾਇਕ ਕੇਕੇ ਦੇ ਦਿਲ ’ਚ ਕਈ ਬਲਾਕੇਜ ਸਨ ਅਤੇ ਜੇਕਰ ਉਸ ਨੂੰ ਸਮੇਂ ਸਿਰ ਸਹਾਇਤਾ ਮਿਲ ਜਾਂਦੀ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਇਹ ਦਾਅਵਾ ਪੋਸਟਮਾਰਟਮ ਕਰਨ ਵਾਲੇ ਇਕ ਡਾਕਟਰ ਨੇ ਕੀਤਾ ਹੈ। ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਇਸ ਡਾਕਟਰ ਨੇ ਕਿਹਾ,‘‘ਕੇਕੇ ਦੀ ਖੱਬੀ ਮੁੱਖ ਕੋਰੋਨਰੀ ਨਾੜੀ ’ਚ 80 ਫ਼ੀਸਦੀ ਅਤੇ ਹੋਰ ਨਾੜੀਆਂ ’ਚ ਛੋਟੇ-ਛੋਟੇ ਬਲਾਕੇਜ ਸਨ। ਸੰਗੀਤ ਸ਼ੋਅ ਦੌਰਾਨ ਜ਼ਿਆਦਾ ਉਤਸ਼ਾਹ ਕਾਰਨ ਖੂਨ ਦਾ ਵਹਾਅ ਰੁਕ ਗਿਆ ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਜਾਨ ਚਲੀ ਗਈ।’’ ਡਾਕਟਰ ਨੇ ਕਿਹਾ ਕਿ ਜੇਕਰ ਗਾਇਕ ਨੂੰ ਬੇਹੋਸ਼ ਹੋਣ ਮਗਰੋਂ ਫ਼ੌਰੀ ਸੀਪੀਆਰ (ਮੂੰਹ ਰਾਹੀਂ ਸਾਹ ਜਾਂ ਛਾਤੀ ’ਤੇ ਦਬਾਅ ਪਾ ਕੇ) ਦਿੱਤੀ ਜਾਂਦੀ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਉਸ ਨੇ ਕਿਹਾ ਕਿ ਕੇਕੇ ਨੂੰ ਹਾਰਟ ਦੀ ਸਮੱਸਿਆ ਸੀ ਜਿਸ ਦਾ ਇਲਾਜ ਨਹੀਂ ਕੀਤਾ ਗਿਆ ਸੀ। ਡਾਕਟਰ ਨੇ ਕਿਹਾ ਕਿ ਪੋਸਟਮਾਰਟਮ ਤੋਂ ਖ਼ੁਲਾਸਾ ਹੋਇਆ ਹੈ ਕਿ ਗਾਇਕ ਨੇ ਹਾਜ਼ਮੇ ਨਾਲ ਸਬੰਧਤ ਕੋਈ ਦਵਾਈ ਲਈ ਸੀ ਅਤੇ ਉਸ ਨੂੰ ਭੁਲੇਖਾ ਸੀ ਕਿ ਹਾਜ਼ਮਾ ਖ਼ਰਾਬ ਹੋਣ ਕਾਰਨ ਉਸ ਦੀ ਛਾਤੀ ’ਚ ਦਰਦ ਹੋ ਰਿਹਾ ਹੈ। ਪੋਸਟਮਾਰਟਮ ’ਚ ਖ਼ੁਲਾਸਾ ਹੋਇਆ ਹੈ ਕਿ ਕੇਕੇ ਦੀ ਮੌਤ ਦਿਲ ਦਾ ਦੌਰਾ ਪੈੈਣ ਕਾਰਨ ਹੋਈ ਹੈ ਅਤੇ ਮੌਤ ਦਾ ਹੋਰ ਕੋਈ ਕਾਰਨ ਨਹੀਂ ਹੈ। -ਪੀਟੀਆਈ
ਭਾਜਪਾ ਸੰਸਦ ਮੈਂਬਰ ਵੱਲੋਂ ਕੇਕੇ ਦੀ ਮੌਤ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਾਉਣ ਦੀ ਮੰਗ
ਕੋਲਕਾਤਾ: ਬੌਲੀਵੁੱਡ ਗਾਇਕ ਕੇਕੇ ਦੀ ਮੌਤ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਤੋਂ ਕਰਾਉਣ ਲਈ ਭਾਜਪਾ ਦੇ ਸੰਸਦ ਮੈਂਬਰ ਸੌਮਿਤਰਾ ਖ਼ਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਕ ਹੋਰ ਭਾਜਪਾ ਆਗੂ ਦਿਲੀਪ ਘੋਸ਼ ਨੇ ਕਿਹਾ ਕਿ ਕੇਕੇ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਘੜੀ ਗਈ ਹੈ। ਸੌਮਿਤਰਾ ਖ਼ਾਨ ਨੇ ਕਿਹਾ ਕਿ ਭਾਜਪਾ ਨੂੰ ਪੱਛਮੀ ਬੰਗਾਲ ਪੁਲੀਸ ’ਤੇ ਭਰੋਸਾ ਨਹੀਂ ਹੈ। ਘੋਸ਼ ਨੇ ਕਿਹਾ,‘‘ਇਕ ਵਾਰ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੇਕਰ ਤੁਸੀਂ ਬੰਗਾਲ ਜਾਵੋਗੇ ਤਾਂ ਤੁਹਾਡੀ ਮੌਤ ਹੋ ਜਾਵੇਗੀ। ਇਹ ਕਾਲਜ ਦਾ ਪ੍ਰੋਗਰਾਮ ਨਹੀਂ ਸੀ ਸਗੋਂ ਤ੍ਰਿਣਮੂਲ ਕਾਂਗਰਸ ਛਾਤਰ ਪਰਿਸ਼ਦ ਵੱਲੋਂ ਇਹ ਸਮਾਗਮ ਕਰਵਾਇਆ ਗਿਆ ਸੀ ਅਤੇ ਕੇਕੇ ਦੀ ਹੱਤਿਆ ਲਈ ਸਾਜ਼ਿਸ਼ ਘੜੀ ਗਈ।’’ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਦੇ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੱਤਾ ਹੈ। ਟੀਐੱਮਸੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਤਪਸ ਰੇਅ ਨੇ ਕਿਹਾ ਕਿ ਖ਼ਾਨ ਅਤੇ ਘੋਸ਼ ਆਪਣੀ ਹੀ ਪਾਰਟੀ ’ਚ ਨੁਕਰੇ ਲੱਗੇ ਹੋਏ ਹਨ ਅਤੇ ਉਹ ਆਪਣਾ ਆਧਾਰ ਬਣਾਉਣ ਲਈ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ। ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਕੁਨਾਲ ਘੋਸ਼ ਨੇ ਭਗਵਾ ਪਾਰਟੀ ਨੂੰ ਕੇਕੇ ਦੀ ਮੌਤ ’ਤੇ ਸਿਆਸਤ ਨਾ ਕਰਨ ਲਈ ਕਿਹਾ। -ਪੀਟੀਆਈ