ਗੁਹਾਟੀ, 26 ਨਵੰਬਰ
ਅਸਾਮ ਦੇ ਸਾਬਕਾ ਮੁੱਖ ਮੰਤਰੀ ਤੁਰਣ ਗੋਗੋਈ ਦਾ ਸਸਕਾਰ ਕਰਨ ਤੋਂ ਪਹਿਲਾਂ ਆਖ਼ਰੀ ਇੱਛਾ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਗਿਰਜਾਘਰ, ਨਾਮਘਰ, ਮਸਜਿਦ ਤੇ ਮੰਦਰ ਲਿਜਾਇਆ ਗਿਆ। ਇਸ ਦੌਰਾਨ ਅਸਾਮ ਵਿੱਚ ਬਹੁਤ ਭਾਵੁਕ ਮਾਹੌਲ ਬਣਿਆ ਹੋਇਆ ਸੀ। ਵੱਡੀ ਗਿਣਤੀ ਵਿੱੱਚ ਪ੍ਰਸ਼ੰਸਕਾਂ ਨੇ ਵੱਖ ਵੱਖ ਥਾਵਾਂ ’ਤੇ ਫੁੱਲਾਂ ਨਾਲ ਸਜਾਏ ਟਰੱਕ ਜਿਸ ਵਿੱਚ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ ਸੀ, ’ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਮੱਥਾ ਟੇਕਿਆ। 25 ਕਿਲੋਮੀਟਰ ਲੰਬੇ ਰੂਟ ਦੌਰਾਨ ਮ੍ਰਿਤਕ ਦੇਹ ਨੂੰ ਸਿਜਦਾ ਕਰਨ ਲਈ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ। ਫੁੱਟਪਾਥਾਂ, ਡਿਵਾਈਡਰਾਂ ਤੇ ਇਮਾਰਤਾਂ ਦੀਆਂ ਛੱਤਾਂ ’ਤੇ ਲੋਕਾਂ ਦੀ ਭੀੜ ਜਮ੍ਹਾਂ ਸੀ।
ਆਪਣੇ ਮਹਬਿੂਬ ਨੇਤਾ ਨੂੰ ਯਾਦ ਕਰਕੇ ਲੋਕ ਹੰਝੂ ਕੇਰ ਰਹੇ ਸਨ ਅਤੇ ਉਨ੍ਹਾਂ ਦੀ ਆਖਰੀ ਯਾਤਰਾ ਦੀਆਂ ਤਸਵੀਰਾਂ ਖਿੱਚ ਰਹੇ ਸਨ ਤੇ ਵੀਡੀਓਜ਼ ਬਣਾ ਰਹੇ ਸਨ। ਸ਼ਹਿਰ ਵਿੱਚ ਗੁਹਾਟੀ-ਸ਼ਿਲੌਂਗ ਰੋਡ, ਆਰਜੀਬੀ ਰੋਡ, ਐੱਮਡੀ ਰੋਡ, ਜੀਐੱਨਬੀ ਰੋਡ, ਗਣੇਸ਼ਗੁਰੀ, ਜ਼ੂ ਗੇਟ, ਕਾਮਰਸ ਕਾਲਜ ਪੁਆਇੰਟ, ਚਾਂਦਮਰੀ ਅਤੇ ਗੁਹਾਟੀ ਕਲੱਬ ਪੁਆਇੰਟ ’ਤੇ ਲੋਕ ਇਕੱਠੇ ਹੋਏ ਸਨ। ਗੁਹਾਟੀ ਵਿੱਚ ਕਈ ਥਾਵਾਂ ’ਤੇ ਦੁਕਾਨਾਂ ਤੇ ਹੋਰ ਸਨਅਤਾਂ ਬੰਦ ਰੱਖੀਆਂ ਗਈਆਂ। ਸੂਬਾ ਸਰਕਾਰ ਨੇ ਵੀਰਵਾਰ ਨੂੰ ਦੁਪਹਿਰੇ ਇਕ ਵਜੇ ਤੱੱਕ ਛੁੱਟੀ ਦਾ ਐਲਾਨ ਕੀਤਾ ਹੋਇਆ ਸੀ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਦਾ ਦੇਹਾਂਤ 23 ਨਵੰਬਰ ਨੂੰ ਹੋ ਗਿਆ ਸੀ ਅਤੇ ਉਹ ਕੋਵਿਡ-19 ਦੀ ਲਾਗ ਕਾਰਨ ਹਸਪਤਾਲ ਦਾਖ਼ਲ ਸਨ।
ਕਾਂਗਰਸ ਦੇ ਬੁਲਾਰੇ ਰਿਤੂਪਰਨਾ ਕੋਨਵਰ ਨੇ ਕਿਹਾ ਕਿ ਗੋਗੋਈ ਸਰ ਧਰਮ ਨਿਰਪੱਖ ਆਗੂ ਸਨ। ਦੀਸਪੁਰ ਵਿਚਲੀ ਅਧਿਕਾਰਤ ਰਿਹਾਇਸ਼ ’ਤੇ ਫੁੱਲਾਂ ਨਾਲ ਸਜਾ ਕੇ ਰੱਖੀ ਸਾਬਕਾ ਮੁੱਖ ਮੰਤਰੀ ਦੀ ਮ੍ਰਿਤਕ ਦੇਹ ਲੋਕਾਂ ਦੇ ਦਰਸ਼ਨ ਲਈ ਰੱਖੀ ਹੋਈ ਸੀ।
ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਜੀਤੇਂਦਰ ਸਿੰਘ ਤੇ ਹੋਰ ਉੱਘੇ ਆਗੂਆਂ ਨੇ ਸ੍ਰੀ ਗੋਗੋਈ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਸ਼ਾਸਨ ਨੇ ਸ਼ਮਸ਼ਾਨਘਾਟ ਵਿੱਚ ਹਜ਼ਾਰ ਸੀਟਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਦੌਰਾਨ ਬਾਹਰ ਲੋਕਾਂ ਲਈ ਐੱਲਈਡੀ ਸਕਰੀਨਾਂ ਲਾਈਆਂ ਹੋਈਆਂ ਸਨ। -ਪੀਟੀਆਈ