ਨਵੀਂ ਦਿੱਲੀ, 9 ਜੁਲਾਈ
ਕੇਂਦਰੀ ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਸੇਧਤ ਵਿੱਤੀ ਰਾਹਤ, ਮੁਦਰਾ ਨੀਤੀ ਅਤੇ ਤੇਜ਼ੀ ਨਾਲ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਕਾਰਨ ਅਰਥਚਾਰੇ ਨੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਅਸਰ ਤੋਂ ਉਭਰ ਕੇ ਸੁਧਾਰ ਦੇ ਸੰਕੇਤ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਵਿੱਤ ਮੰਤਰਾਲੇ ਨੇ ਆਪਣੀ ਮਾਸਿਕ ਆਰਥਿਕ ਸਮੀਖਿਆ ’ਚ ਕਿਹਾ ਕਿ ਦੂਜੀ ਲਹਿਰ ਦੇ ਅਸਰ ਨੂੰ ਘੱਟ ਕਰਨ ਲਈ ਲਿਆਂਦੇ ਗਏ ਵਿਆਪਕ ਆਰਥਿਕ ਰਾਹਤ ਪੈਕੇਜ ਦੀ ਰਾਸ਼ੀ 6.29 ਲੱਖ ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਆਰਬੀਆਈ, ਬਾਜ਼ਾਰ ਨੂੰ ਸਥਿਰ ਰੱਖਣ, ਵੱਖ ਵੱਖ ਖੇਤਰਾਂ ’ਚ ਸੁਧਾਰ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਅਤੇ ਕਰੋਨਾ ਮਹਾਮਾਰੀ ਤੇ ਲੌਕਡਾਊਨ ਦੇ ਵਿੱਤੀ ਅਸਰ ਨੂੰ ਘੱਟ ਕਰਨ ਲਈ ਪਿਛਲੇ ਮਹੀਨੇ 6.29 ਲੱਖ ਕਰੋੜ ਰੁਪਏ ਦੇ ਅੱਠ ਆਰਥਿਕ ਉਪਾਵਾਂ ਦਾ ਐਲਾਨ ਕੀਤਾ ਸੀ ਜਿਨ੍ਹਾਂ ਦਾ ਮਕਸਦ ਆਮ ਲੋਕਾਂ ਦੇ ਨਾਲ ਹੀ ਕਾਰੋਬਾਰੀਆਂ ਨੂੰ ਰਾਹਤ ਦੇਣਾ ਸੀ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਸੈਰ-ਸਪਾਟਾ ਖੇਤਰ ਲਈ ਇਕ ਰਾਹਤ ਪੈਕੇਜ ਦਾ ਐਲਾਨ ਵੀ ਕੀਤਾ ਸੀ। -ਪੀਟੀਆਈ
ਭਾਰਤ ਦੇ ਬੀਮਾ ਖੇਤਰਵਿੱਚ ਨਿਵੇਸ਼ ਲਈ ਯੂਕੇ ਦੀਆਂ ਕੰਪਨੀਆਂ ਨੂੰ ਸੱਦਾ
ਨਵੀਂ ਦਿੱਲੀ: ਭਾਰਤ ਨੇ ਯੂਕੇ ਦੀਆਂ ਕੰਪਨੀਆਂ ਨੂੰ ਬੀਮਾ ਖੇਤਰ ’ਚ ਨਿਵੇਸ਼ ਦਾ ਸੱਦਾ ਦਿੱਤਾ ਹੈ। ਉਧਰ ਬ੍ਰਿਟੇਨ ਨੇ ਭਾਰਤੀ ਕੰਪਨੀਆਂ ਨੂੰ ਲੰਡਨ ਬਾਜ਼ਾਰ ’ਚ ਸਿੱਧੇ ਸੂਚੀਬੱਧ ਕਰਨ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਅਤੇ ਯੂਕੇ ਦੇ ਵਿੱਤੀ ਬਾਜ਼ਾਰਾਂ ਵਿਚਕਾਰ ਪਹਿਲੀ ਮੀਟਿੰਗ ਵੀਰਵਾਰ ਦੇਰ ਸ਼ਾਮ ਹੋਈ। ਇਸ ਦੌਰਾਨ ਬੀਮਾ ਖੇਤਰ ਬਾਰੇ ਉਚੇਚੇ ਤੌਰ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਭਾਰਤ ਨੇ ਬੀਮਾ ਖੇਤਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਹੱਦ 49 ਤੋਂ ਵਧਾ ਕੇ 74 ਫ਼ੀਸਦ ਕਰ ਦਿੱਤੀ ਹੈ। -ਪੀਟੀਆਈ