ਨਵੀਂ ਦਿੱਲੀ, 31 ਜੁਲਾਈ
ਨੋਬੇਲ ਪੁਰਸਕਾਰ ਜੇਤੂ ਅਤੇ ਗ੍ਰਾਮੀਣ ਬੈਂਕ ਦੇ ਸੰਸਥਾਪਕ ਮੁਹੰਮਦ ਯੂਨਸ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨੇ ਵਿਸ਼ਵ ਨੂੰ ‘ਬਹੁਤ’ ਸਖ਼ਤ ਫੈਸਲੇ ਲੈਣ ਦਾ ਮੌਕਾ ਦਿੱਤਾ ਹੈ, ਜਿਸ ਦੌਰਾਨ ਅਜਿਹਾ ਨਵਾਂ ਢਾਂਚਾ ਉਸਾਰਿਆ ਜਾਵੇ ਜਿਸ ਵਿੱਚ ਆਲਮੀ ਤਪਸ਼, ਧਨ ਦੀ ਕਾਣੀ ਵੰਡ ਅਤੇ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਨਾ ਹੋਣ।
ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਗੱਲਬਾਤ ਕਰਦਿਆਂ ਯੂਨਸ ਨੇ ਅਜਿਹੀ ਪ੍ਰਣਾਲੀ ਦੀ ਨਵੀਂ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਗੈਰਰਸਮੀ ਤੇ ਦਿਹਾਤੀ ਆਰਥਿਕਤਾ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਢੁਕਵੀਂ ਥਾਂ ਮਿਲੇ। ਇਹ ਗੱਲਬਾਤ ਗਾਂਧੀ ਵਲੋਂ ਕੋਵਿਡ-19 ਮਹਾਮਾਰੀ ਦੌਰਾਨ ਸ਼ੁਰੂ ਕੀਤੀ ਸੀਰੀਜ਼ ਦੇ ਹਿੱਸੇ ਵਜੋਂ ਸੀ। ਇਸ ਤੋਂ ਪਹਿਲਾਂ ਉਹ ਕਈ ਮਾਹਿਰਾਂ, ਨਰਸਾਂ ਤੇ ਸਨਅਤਕਾਰਾਂ ਆਦਿ ਨਾਲ ਚਰਚਾ ਕਰ ਚੁੱਕੇ ਹਨ। ਯੂਨਸ ਨੇ ਕਿਹਾ, ‘‘ਵਿੱਤੀ ਪ੍ਰਣਾਲੀਆਂ ਗਲਤ ਢੰਗ ਨਾਲ ਬਣੀਆਂ ਹਨ। ਕੋਵਿਡ ਨੇ ਹੁਣ ਇਨ੍ਹਾਂ ਦੀਆਂ ਕਮਜ਼ੋਰੀਆਂ ਜ਼ਾਹਰ ਕਰ ਦਿੱਤੀਆਂ ਹਨ। ਗਰੀਬ ਲੋਕ ਹਰ ਪਾਸੇ ਹਨ ਪਰ ਆਰਥਿਕਤਾ ਉਨ੍ਹਾਂ ਨੂੰ ਨਹੀਂ ਪਛਾਣਦੀ। ਜੇਕਰ ਅਸੀਂ ਉਨ੍ਹਾਂ ਨੂੰ ਵਿੱਤ ਦੇਈਏ ਤਾਂ ਉਹ ਵੀ ਗਰੀਬੀ ਰੇਖਾ ਤੋਂ ਉੱਪਰ ਉੱਠ ਸਕਦੇ ਹਨ। ਅਸੀਂ ਕੇਵਲ ਰਸਮੀ ਸੈਕਟਰ ਵਿੱਚ ਰੁੱਝੇ ਹੋਏ ਹਾਂ।’’ ਉਨ੍ਹਾਂ ਪੱਛਮ ਦੇ ਆਰਥਿਕਤਾ ਮਾਡਲ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਸ਼ਹਿਰੀ ਅਰਥਚਾਰੇ ਨੂੰ ਧੁਰਾ ਸਮਝਦਾ ਹੈ ਅਤੇ ਦਿਹਾਤੀ ਅਰਥਚਾਰੇ ਨੂੰ ਮਜ਼ਦੂਰਾਂ ਦੀ ਸਪਲਾਈ ਦਾ ਸਰੋਤ ਸਮਝਦਾ ਹੈ। ਉਨ੍ਹਾਂ ਸਵਾਲ ਕੀਤਾ, ‘ਅਸੀਂ ਖ਼ੁਦਮੁਖ਼ਤਿਆਰ ਆਰਥਿਕਤਾ ਦਾ ਨਿਰਮਾਣ ਕਿਉਂ ਨਹੀਂ ਕਰ ਸਕਦੇ?’ ਉਨ੍ਹਾਂ ਭਰੋਸੇ ਦੇ ਆਧਾਰ ’ਤੇ ਬਣੇ ਗ੍ਰਾਮੀਣ ਬੈਂਕ ਦੀ ਮਿਸਾਲ ਦਿੱਤੀ, ਜੋ ਗਰੀਬਾਂ ਨੂੰ ਕਰਜ਼ੇ ਵਜੋਂ ਲੱਖਾਂ ਡਾਲਰ ਕੇਵਲ ਭਰੋਸੇ ਦੇ ਆਧਾਰ ’ਤੇ ਦਿੰਦਾ ਹੈ ਅਤੇ ਉਹ ਇਹ ਪੈਸਾ ਸਣੇ ਵਿਆਜ ਮੋੜਦੇ ਵੀ ਹਨ। ਉਨ੍ਹਾਂ ਮਨੁੱਖੀ ਸਭਿਆਚਾਰ ਦੀ ਕਦਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੁਨੀਆਂ ਨੇ ਸਭ ਕੁਝ ਲਾਲਚ ਵਿੱਚ ਆ ਕੇ ਕੀਤਾ, ਜੋ ਹੁਣ ਸਭ ਕੁਝ ਤਬਾਹ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਮੌਕਾ ਹੈ, ਕਰੋਨਾ ਨੇ ਸਾਨੂੰ ਅੰਤਰ-ਝਾਤ ਦਾ ਮੌਕਾ ਦਿੱਤਾ ਹੈ…. ਆਮ ਹਾਲਾਤ ਵਿੱਚ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਤੁਸੀਂ ਪੈਸਾ ਬਣਾਉਣ ਵਿੱਚ ਬਹੁਤ ਰੁੱਝੇ ਹੁੰਦੇ ਹੋ।’’
-ਪੀਟੀਆਈ