ਰਾਏਪੁਰ, 17 ਜੂਨ
ਯੋਗ ਗੁਰੂ ਰਾਮਦੇਵ ਵੱਲੋਂ ਕੋਵਿਡ-19 ਦੇ ਇਲਾਜ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਾਰੇ ਝੂਠੀ ਜਾਣਕਾਰੀ ਫੈਲਾਉਣ ਦੇ ਦੋਸ਼ ਹੇਠ ਛੱਤੀਸਗੜ੍ਹ ਪੁਲੀਸ ਨੇ ਉਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਰਾਏਪੁਰ ਦੇ ਐੱਸਐੱਸਪੀ ਅਜੈ ਯਾਦਵ ਨੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀ ਛੱਤੀਸਗੜ੍ਹ ਯੂਨਿਟ ਵੱਲੋਂ ਦਾਖ਼ਲ ਸ਼ਿਕਾਇਤ ਦੇ ਆਧਾਰ ’ਤੇ ਰਾਮਕ੍ਰਿਸ਼ਨਾ ਯਾਦਵ ਉਰਫ਼ ਬਾਬਾ ਰਾਮਦੇਵ ਖ਼ਿਲਾਫ਼ ਬੁੱਧਵਾਰ ਰਾਤ ਨੂੰ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅੱਗੇ ਤਹਿਕੀਕਾਤ ਕੀਤੀ ਜਾ ਰਹੀ ਹੈ। ਹਸਪਤਾਲ ਬੋਰਡ ਆਈਐੱਮਏ ਦੇ ਚੇਅਰਮੈਨ ਡਾਕਟਰ ਰਾਕੇਸ਼ ਗੁਪਤਾ ਅਤੇ ਵਿਕਾਸ ਅਗਰਵਾਲ ਸਮੇਤ ਹੋਰ ਡਾਕਟਰਾਂ ਨੇ ਪਹਿਲਾਂ ਰਾਮਦੇਵ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਾਮਦੇਵ ਭਾਰਤ ਸਰਕਾਰ, ਭਾਰਤੀ ਮੈਡੀਕਲ ਖੋਜ ਪਰਿਸ਼ਦ ਅਤੇ ਹੋਰ ਡਾਕਟਰੀ ਜਥੇਬੰਦੀਆਂ ਵੱਲੋਂ ਕਰੋਨਾ ਦੇ ਇਲਾਜ ’ਚ ਵਰਤੀਆਂ ਜਾ ਰਹੀਆਂ ਦਵਾਈਆਂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਧਮਕੀ ਭਰੇ ਬਿਆਨ ਅਤੇ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਮਦੇਵ ਦੇ ਐਲੋਪੈਥੀ ਦਵਾਈਆਂ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਬਾਰੇ ਬਿਆਨ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ’ਚ ਪੈ ਸਕਦੀ ਹੈ। -ਪੀਟੀਆਈ