ਰਾਏਪੁਰ/ਮੁੰਬਈ, 27 ਦਸੰਬਰ
ਮਹਾਤਮਾ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਅਤੇ ਉਨ੍ਹਾਂ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਵਡਿਆਉਣ ਮਗਰੋਂ ਜਾਤਾਂ ’ਚ ਵੈਰ ਭਾਵਨਾ ਪੈਦਾ ਕਰਨ ਦੇ ਦੋਸ਼ ਹੇਠ ਹਿੰਦੂ ਧਾਰਮਿਕ ਆਗੂ ਕਾਲੀਚਰਨ ਮਹਾਰਾਜ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਰਾਏਪੁਰ ’ਚ ‘ਧਰਮ ਸੰਸਦ’ ਦੀ ਸਮਾਪਤੀ ਮੌਕੇ ਕਾਲੀਚਰਨ ਨੇ ਰਾਸ਼ਟਰ ਪਿਤਾ ਖ਼ਿਲਾਫ਼ ਭੱਦੇ ਸ਼ਬਦਾਂ ਦੀ ਵਰਤੋਂ ਕਰਦਿਆਂ ਲੋਕਾਂ ਨੂੰ ਕਿਹਾ ਸੀ ਕਿ ਉਹ ਧਰਮ ਬਚਾਉਣ ਖਾਤਰ ਸਰਕਾਰ ਦਾ ਮੁਖੀ ਹਿੰਦੂ ਆਗੂ ਨੂੰ ਹੀ ਚੁਣਨ। ਉਧਰ ਮਹਾਰਾਸ਼ਟਰ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੇ ਇਹ ਮੁੱਦਾ ਵਿਧਾਨ ਸਭਾ ’ਚ ਉਠਾਇਆ ਅਤੇ ਮੰਗ ਕੀਤੀ ਕਿ ਕਾਲੀਚਰਨ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਹ ਮਹਾਰਸ਼ਟਰ ਦੇ ਅਕੋਲਾ ਦਾ ਵਸਨੀਕ ਹੈ। -ਪੀਟੀਆਈ
ਤੁਸੀਂ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਕੈਦ ਨਹੀਂ ਕਰ ਸਕਦੇ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਿੰਦੂ ਧਾਰਮਿਕ ਆਗੂ ਵੱਲੋਂ ਮਹਾਤਮਾ ਗਾਂਧੀ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਦੀ ਆਲੋਚਨਾ ਕਰਦਿਆਂ ਰਾਸ਼ਟਰਪਿਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਹੈ। ਮਹਾਤਮਾ ਗਾਂਧੀ ਦੇ ਹਵਾਲੇ ਨਾਲ ਰਾਹੁਲ ਨੇ ਕਿਹਾ,‘‘ਤੁਸੀਂ ਮੈਨੂੰ ਜੰਜ਼ੀਰਾਂ ’ਚ ਜਕੜ ਸਕਦੇ ਹੋ, ਮੈਨੂੰ ਤਸੀਹੇ ਦੇ ਸਕਦੇ ਹੋ, ਇਸ ਸ਼ਰੀਰ ਨੂੰ ਨਸ਼ਟ ਕਰ ਸਕਦੇ ਹੋ ਪਰ ਤੁਸੀਂ ਮੇਰੇ ਵਿਚਾਰਾਂ ਨੂੰ ਕਦੇ ਵੀ ਕੈਦ ਨਹੀਂ ਕਰ ਸਕਦੇ ਹੋ।’’