ਅਹਿਮਦਾਬਾਦ, 27 ਨਵੰਬਰ
ਗੁਜਰਾਤ ਦੇ ਰਾਜਕੋਟ ’ਚ ਕੋਵਿਡ-19 ਹਸਪਤਾਲ ਦੇ ਆਈਸੀਯੂ ’ਚ ਅੱਗ ਲੱਗਣ ਕਾਰਨ ਕਰੋਨਾਵਾਇਰਸ ਦੇ ਪੰਜ ਮਰੀਜ਼ ਮਾਰੇ ਗਏ। ਸੁਪਰੀਮ ਕੋਰਟ ਨੇ ਅਗਨੀ ਕਾਂਡ ਦਾ ਨੋਟਿਸ ਲੈਂਦਿਆਂ ਗੁਜਰਾਤ ਸਰਕਾਰ ਤੋਂ ਇਸ ਮੁੱਦੇ ’ਤੇ ਰਿਪੋਰਟ ਮੰਗੀ ਹੈ। ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਕਿ 26 ਮਰੀਜ਼ਾਂ ਨੂੰ ਬਚਾਅ ਕੇ ਦੂਜੀ ਥਾਂ ’ਤੇ ਤਬਦੀਲ ਕੀਤਾ ਗਿਆ ਹੈ। ਸ੍ਰੀ ਪਟੇਲ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਅੱਗ ਵੈਂਟੀਲੇਟਰ ’ਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ।
ਅੱਗ ਆਨੰਦ ਬੰਗਲਾ ਚੌਕ ਇਲਾਕੇ ’ਚ ਪੈਂਦੇ ਚਾਰ ਮੰਜ਼ਿਲਾ ਉਦੈ ਸ਼ਿਵਾਨੰਦ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਆਈਸੀਯੂ ਵਾਰਡ ’ਚ ਦੁਪਹਿਰ ਕਰੀਬ ਸਾਢੇ 12 ਵਜੇ ਲੱਗੀ ਜਿਥੇ 31 ਮਰੀਜ਼ ਦਾਖ਼ਲ ਸਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ’ਤੇ ਅਫ਼ਸੋਸ ਜਤਾਇਆ ਹੈ। ਉਧਰ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਦੁੱਖ ਪ੍ਰਗਟ ਕਰਦਿਆਂ ਅਗਨੀ ਕਾਂਡ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਮ੍ਰਿਤਕਾਂ ਦੇ ਵਾਰਿਸਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਸੀਨੀਅਰ ਆਈਏਐੱਸ ਅਫ਼ਸਰ ਏ ਕੇ ਰਾਕੇਸ਼ ਅਗਨੀ ਕਾਂਡ ਦੀ ਜਾਂਚ ਕਰਨਗੇ। ਰਾਜਕੋਟ ਦੇ ਪੁਲੀਸ ਕਮਿਸ਼ਨਰ ਮਨੋਜ ਅਗਰਵਾਲ ਨੇ ਕਿਹਾ ਕਿ ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ਉਧਰ ਸੁਪਰੀਮ ਕੋਰਟ ’ਚ ਕੇਂਦਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਅਸ਼ੋਕ ਭੂਸ਼ਨ, ਆਰ ਐੱਸ ਰੈੱਡੀ ਅਤੇ ਐੱਮ ਆਰ ਸ਼ਾਹ ਦੇ ਬੈਂਚ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਗ੍ਰਹਿ ਸਕੱਤਰ ਸ਼ਨਿਚਰਵਾਰ ਤੱਕ ਮੀਟਿੰਗ ਕਰਕੇ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ’ਚ ਅੱਗ ਤੋਂ ਬਚਾਅ ਦੇ ਨਿਰਦੇਸ਼ ਜਾਰੀ ਕਰਨਗੇ। -ਪੀਟੀਆਈ