ਅਯੁੱਧਿਆ, 30 ਅਕਤੂਬਰ
ਅਯੁੱਧਿਆ ’ਚ ਅੱਠਵਾਂ ਦੀਪ ਉਤਸਵ ਅੱਜ ਸ਼ੁਰੂ ਹੋ ਗਿਆ ਜਿਸ ਤਹਿਤ ਦੀਵਾਲੀ ਦੀ ਰਾਤ ਤੱਕ 25 ਲੱਖ ਦੀਵੇ ਜਗਾਏ ਜਾਣਗੇ। ਉਤਸਵ ਤਹਿਤ ਰਾਮਾਇਣ ਦੇ ਪਾਤਰਾਂ ਦੀਆਂ ਝਾਕੀਆਂ ਦੇ ਨਾਲ ਇਕ ਸ਼ੋਭਾ ਯਾਤਰਾ ਮੰਦਰ ਨਗਰੀ ’ਚੋਂ ਲੰਘੀ ਜਿਸ ਦਾ ਸ਼ਰਧਾਲੂਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਨਵੇਂ ਬਣੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਰਾਮ ਨਗਰੀ ’ਚ ਪਹਿਲੀ ਵਾਰ ਦੀਪ ਉਤਸਵ ਕਰਵਾਇਆ ਜਾ ਰਿਹਾ ਹੈ। ਭਗਵਾਨ ਸ੍ਰੀਰਾਮ, ਮਾਤਾ ਸੀਤਾ, ਲਕਸ਼ਮਣ, ਹਨੂੰਮਾਨ ਤੇ ਹੋਰਾਂ ਦਾ ‘ਪੁਸ਼ਪਕ ਵਿਮਾਨ’ (ਹੈਲੀਕਾਪਟਰ) ਰਾਹੀਂ ਅਯੁੱਧਿਆ ਪੁੱਜਣ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਤੇ ਕੇਸ਼ਵ ਪ੍ਰਸਾਦ ਮੌਰਿਆ ਨੇ ਸਵਾਗਤ ਕੀਤਾ। ਭਗਵਾਨ ਰਾਮ ਦਾ ਰੱਥ ਮੁੱਖ ਮੰਤਰੀ ਤੇ ਹੋਰ ਲੋਕਾਂ ਨੇ ਖਿੱਚ ਕੇ ਰਾਮ ਦਰਬਾਰ ਤੱਕ ਪਹੁੰਚਾਇਆ। ਮੁੱਖ ਮੰਤਰੀ ਨੇ ਬਾਅਦ ਵਿੱਚ ਉਨ੍ਹਾਂ ਦੀ ਆਰਤੀ ਉਤਾਰੀ। ਅੱਜ ਸ਼ਹਿਰ ’ਚ ਤਿਉਹਾਰ ਜਿਹਾ ਮਾਹੌਲ ਰਿਹਾ। ਛੋਟੀ ਦੀਵਾਲੀ ਮੌਕੇ ਅੱਜ ਦੀਪ ਉਤਸਵ ਤਹਿਤ ਝਾਕੀਆਂ ਦੀ ਸ਼ੋਭਾ ਯਾਤਰਾ ਸਜਾਈ ਗਈ। ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ’ਚ ਧਿਰ ਇਕਬਾਲ ਅੰਸਾਰੀ ਨੇ ਵੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। -ਪੀਟੀਆਈ
ਦੀਪ ਉਤਸਵ ਮੌਕੇ ਅਯੁੱਧਿਆ ’ਚ ਦੋ ਨਵੇਂ ‘ਗਿੰਨੀਜ਼ ਵਿਸ਼ਵ ਰਿਕਾਰਡ’ ਬਣੇ
ਅਯੁੱਧਿਆ:
ਅਯੁੱਧਿਆ ’ਚ ਸਰਯੂ ਨਦੀ ਕੰਢੇ ਅੱਜ ਅੱਠਵੇਂ ਦੀਪ ਉਤਸਵ ਮੌਕੇ ਦੋ ਵਿਸ਼ਵ ਰਿਕਾਰਡ ਬਣੇ ਹਨ। ਇਹ ਰਿਕਾਰਡ ਇੱਕੋ ਸਮੇਂ ਸਭ ਤੋਂ ਵੱਧ ਲੋਕਾਂ ਵੱਲੋਂ ਆਰਤੀ ਕਰਨ ਅਤੇ ਸਭ ਤੋਂ ਵੱਧ ਦੀਵੇ ਜਗਾਉਣ ਬਾਰੇ ਹੈ। ਗਿੰਨੀਜ਼ ਵਿਸ਼ਵ ਰਿਕਾਰਡਜ਼ ਬਾਰੇ ਫ਼ੈਸਲਾ ਲੈਣ ਵਾਲੇ ਪ੍ਰਵੀਨ ਪਟੇਲ ਨੇ ਅੱਜ ਸ਼ਾਮ ਨਵੇਂ ਰਿਕਾਰਡਾਂ ਦਾ ਐਲਾਨ ਕੀਤਾ। ਪਹਿਲੇ ਰਿਕਾਰਡ ’ਚ 1121 ਲੋਕਾਂ ਵੱਲੋਂ ਇੱਕੋ ਸਮੇਂ ਆਰਤੀ ਕੀਤੀ ਗਈ ਹੈ ਜਦਕਿ ਦੂਜੇ ਰਿਕਾਰਡ ’ਚ ਇੱਕੋ ਸਮੇਂ 25 ਲੱਖ 12 ਹਜ਼ਾਰ 55 ਦੀਵੇ ਜਗਾਏ ਗਏ ਹਨ। ਇਸ ਤੋਂ ਪਹਿਲਾਂ ਰਿਕਾਰਡ ਇੱਕੋ ਸਮੇਂ 22 ਲੱਖ 23 ਹਜ਼ਾਰ 676 ਦੀਵੇ ਜਗਾਉਣ ਦਾ ਸੀ। ਅਯੁੱਧਿਆ ਦੇ ਸੰਤ ਭਾਈਚਾਰੇ ਨੇ ਅੱਜ ਦੀਪ ਉਤਸਵ ਸਮਾਗਮ ’ਤੇ ਖੁਸ਼ੀ ਜ਼ਾਹਿਰ ਕੀਤੀ। -ਪੀਟੀਆਈ