ਹਾਥਰਸ (ਯੂਪੀ), 30 ਸਤੰਬਰ
ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਸਮੂਹਿਕ ਜਬਰ-ਜਨਾਹ ਦਾ ਸ਼ਿਕਾਰ ਹੋਈ 19 ਸਾਲਾ ਦਲਿਤ ਮਹਿਲਾ, ਜਿਸ ਦੀ ਮੰਗਲਵਾਰ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ, ਦਾ ਬੁੱਧਵਾਰ ਨੂੰ ਵੱਡੇ ਤੜਕੇ ਸਸਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਮੁਕਾਮੀ ਪੁਲੀਸ ਉੱਤੇ ਅੱਧੀ ਰਾਤ ਨੂੰ ਅੰਤਿਮ ਰਸਮਾਂ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਅਧਿਕਾਰੀਆਂ ਨੇ ਹਾਲਾਂਕਿ ਸਭ ਕੁਝ ‘ਪਰਿਵਾਰ ਦੀਆਂ ਇੱਛਾਵਾਂ’ ਮੁਤਾਬਕ ਹੀ ਕਰਨ ਦਾ ਦਾਅਵਾ ਕੀਤਾ ਹੈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸੂਬੇ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ ਵਿੱਚ 14 ਸਤੰਬਰ ਨੂੰ ਚਾਰ ਵਿਅਕਤੀਆਂ ਨੇ ਦਲਿਤ ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਕੀਤਾ ਸੀ। ਮਹਿਲਾ ਨੂੰ ਪਹਿਲਾਂ ਏਐੈੱਮਯੂ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਸੀ, ਪਰ ਹਾਲਤ ਵਿਗੜਨ ਮਗਰੋਂ ਉਸ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਤਬਦੀਲ ਕਰ ਦਿੱਤਾ ਗਿਆ, ਜਿੱਥੇ ਮੰਗਲਵਾਰ ਨੂੰ ਊਸ ਨੇ ਆਖਰੀ ਸਾਹ ਲਏ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਫ਼ਦਰਜੰਗ ਹਸਪਤਾਲ ਤੋਂ ਮੰਗਲਵਾਰ ਰਾਤ ਨੂੰ ਮਹਿਲਾ ਦੀ ਲਾਸ਼ ਲੈ ਕੇ ਪਿੰਡ ਲਈ ਰਵਾਨਾ ਹੋ ਗਿਆ ਸੀ। ਪੀੜਤ ਪਰਿਵਾਰ ਦੇ ਇਕ ਜੀਅ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਪੁਲੀਸ ਉਨ੍ਹਾਂ ਤੋਂ ਪਹਿਲਾਂ ਹੀ ਲਾਸ਼ ਲੈ ਕੇ ਹਾਥਰਸ ਪਹੁੰਚ ਗਈ। ਪੀੜਤ ਮਹਿਲਾ ਦੇ ਪਿਤਾ ਨੇ ਇਸ ਖ਼ਬਰ ਏਜੰਸੀ ਨੂੰ ਅੱਜ ਸਵੇਰੇ ਦੱਸਿਆ, ‘ਲਗਪਗ ਢਾਈ ਤਿੰਨ ਵਜੇ ਦੇ ਕਰੀਬ ਸਸਕਾਰ ਕੀਤਾ ਗਿਆ।’ ਪੀਤੜਾ ਦੇ ਭਰਾ ਨੇ ਦੱਸਿਆ, ‘ਪੁਲੀਸ ਸਸਕਾਰ ਲਈ ਜਬਰਦਸਤੀ ਮ੍ਰਿਤਕ ਦੇਹ ਅਤੇ ਮੇਰੇ ਪਿਤਾ ਨੂੰ ਲੈ ਗਈ। ਮੇਰੇ ਪਿਤਾ ਹਾਥਰਸ ਪਹੁੰਚੇ ਤਾਂ ਪੁਲੀਸ ਉਨ੍ਹਾਂ ਨੂੰ ਫੌਰੀ ਆਪਣੇ ਨਾਲ (ਸਸਕਾਰ ਲਈ) ਲੈ ਗਈ।’ ਇਸ ਦੌਰਾਨ ਇਕ ਹੋਰ ਰਿਸ਼ਤੇਦਾਰ ਨੇ ਕਿਹਾ ਕਿ ਪੀੜਤ ਮਹਿਲਾ ਦੇ ਪਿਤਾ ਨਾਲ 30 ਤੋਂ 40 ਵਿਅਕਤੀ ਸਨ, ਇਨ੍ਹਾਂ ਵਿੱਚੋਂ ਬਹੁਤੇ ਰਿਸ਼ਤੇਦਾਰ ਤੇ ਆਂਢ ਗੁਆਂਢ ਦੇ ਲੋਕ ਸਨ। ਸਸਕਾਰ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਵਿੱਚ ਚਾਂਦਪਾ ਪੁਲੀਸ ਸਟੇਸ਼ਨ ਅਧੀਨ ਆਊਂਦੇ ਬੂਲ ਗੜੀ ਪਿੰਡ ਨਜ਼ਦੀਕ ਕੀਤਾ ਗਿਆ।
ਸਸਕਾਰ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਤੋਂ ਸਾਫ਼ ਹੈ ਕਿ ਪੁਲੀਸ ਮੁਲਾਜ਼ਮ ਹਜੂਮ ਨੂੰ ਕਾਬੂ ਕਰਨ ਲਈ ਪੂਰੀ ਤਿਆਰੀ ਨਾਲ ਲੈਸ ਸਨ। ਸਸਕਾਰ ਮੌਕੇ ਘਰ ਵਿੱਚ ਹੀ ਮੌਜੂਦ ਪੀੜਤਾ ਦੀ ਇਕ ਰਿਸ਼ਤੇਦਾਰ ਨੇ ਕਿਹਾ ਕਿ ਸਾਰਾ ਕੁਝ ਇਸ ਕੇਸ ਨੂੰ ਰਫ਼ਾ ਦਫ਼ਾ ਕਰਨ ਲਈ ਕੀਤਾ ਜਾ ਰਿਹੈ। ਉਧਰ ਸੰਪਰਕ ਕਰਨ ’ਤੇ ਹਾਥਰਸ ਦੇ ਐੱਸਪੀ ਵਿਕਰਾਂਤ ਵੀਰ ਨੇ ਇਸ ਖ਼ਬਰ ਏਜੰਸੀ ਨੂੰ ਭੇਜੇ ਟੈਕਸਟ ਸੁਨੇਹੇ ’ਚ ਕਿਹਾ, ‘ਇਹ ਸਾਰੀ ਕਾਰਵਾਈ ਪਰਿਵਾਰ ਦੀ ਇੱਛਾ ਮੁਤਾਬਕ ਹੀ ਕੀਤੀ ਗਈ ਹੈ।’ ਇਸ ਦੌਰਾਨ ਬੂਲ ਗੜੀ ਪਿੰਡ ਦੇ ਮੁਕਾਮੀ ਲੋਕ ਅੱਜ ਸਵੇਰੇ 12 ਵਜੇ ਦੇ ਕਰੀਬ ਸੜਕਾਂ ’ਤੇ ਨਿਕਲ ਆਏ। ਇਨ੍ਹਾਂ ਵਿੱਚੋਂ ਕੁਝ ਨੇ ਮੁਕਾਮੀ ਚਾਂਦਪਾ ਪੁਲੀਸ ਸਟੇਸ਼ਨ ਨੇੜੇ ਜਦੋਂਕਿ ਬਾਕੀਆਂ ਨੇ ਹਾਥਰਸ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਕ ਟਵੀਟ ’ਚ ਕਿਹਾ, ‘ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਪੀੜਤਾ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਨਾ ਦੇਣਾ ਅਤੇ ਉਨ੍ਹਾਂ ਦੀ ਸਹਿਮਤੀ ਤੇ ਮੌਜੂਦਗੀ ਤੋਂ ਬਿਨਾਂ ਅੱਧੀ ਰਾਤ ਨੂੰ ਸਸਕਾਰ ਕਰਨਾ ਸ਼ੰਕੇ ਖੜ੍ਹੇ ਕਰਦਾ ਹੈ।’ ਬਸਪਾ ਮੁਖੀ ਨੇ ਮਗਰੋਂ ਇਕ ਹੋਰ ਟਵੀਟ ’ਚ ਕਿਹਾ ਕਿ ਚੰਗਾ ਹੁੰਦਾ ਜੇਕਰ ਸੁਪਰੀਮ ਕੋਰਟ ਇਸ ਗੰਭੀਰ ਕੇਸ ਦਾ ਖੁ਼ਦ ਨੋਟਿਸ ਲੈਂਦਿਆਂ ਵਾਜਬ ਕਾਰਵਾਈ ਲਈ ਆਖਦੀ। ਉਧਰ ਸਮਾਜਵਾਦੀ ਆਗੂ ਅਖਿਲੇਸ਼ ਯਾਦਵ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਦੌਰਾਨ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਹਾਥਰਸ ਘਟਨਾ ਨੂੰ ‘ਮੰਦਭਾਗੀ ਤੇ ਸਦਮੇ’ ਵਾਲੀ ਦੱਸਦਿਆਂ ਦਲਿਤ ਆਗੂਆਂ ਦੀ ‘ਚੁੱਪੀ’ ’ਤੇ ਉਜਰ ਜਤਾਇਆ ਹੈ। ਰਾਊਤ ਨੇ ਕਿਹਾ ਕਿ ਕੀ ਨਿਆਂ ਸਿਰਫ਼ ਉੱਘੀ ਹਸਤੀ ਜਾਂ ਅਭਿਨੇਤਰੀ ਲਈ ਹੀ ਮੰਗਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿੱਥੇ ਹੈ ਉਹ ਮੀਡੀਆ ਜਿਹੜਾ ਘਰ ਦੀ ਛੱਤ ਢਾਹੁਣ ਉੱਤੇ ਇਕ ਅਭਿਨੇਤਰੀ ਲਈ ਨਿਆਂ ਮੰਗ ਰਿਹਾ ਸੀ।
-ਪੀਟੀਆਈ
ਕੇਸ ਦਿੱਲੀ ਤਬਦੀਲ ਕਰਨ ਲਈ ਸੁਪਰੀਮ ਕੋਰਟ ’ਚ ਦਸਤਕ
ਨਵੀਂ ਦਿੱਲੀ: ਹਾਥਰਸ ਸਮੂਹਿਕ ਬਲਾਤਕਾਰ ਤੇ ਹੱਤਿਆ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਸੀਬੀਆਈ ਜਾਂ ਸਿੱਟ ਹਵਾਲੇ ਕਰਨ ਦੀ ਮੰਗ ਕਰਦੀ ਇਕ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਗਈ ਹੈ। ਸਮਾਜਿਕ ਕਾਰਕੁਨ ਸਤਿਯਮ ਦੁਬੇ ਨੇ ਪਟੀਸ਼ਨ ਵਿੱਚ ਕੇਸ ਦੇ ਟਰਾਇਲ ਨੂੰ ਯੂਪੀ ਤੋਂ ਦਿੱਲੀ ਤਬਦੀਲ ਕਰਨ ਦੀ ਮੰਗ ਵੀ ਕੀਤੀ ਹੈ।
-ਪੀਟੀਆਈ
ਮੈਂ ਪੀੜਤ ਪਿਤਾ ਨੂੰ ਮਾਯੂਸੀ ’ਚ ਚਾਂਗਰਾ ਮਾਰਦੇ ਸੁਣਿਐ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਫੋਨ ’ਤੇ ਪੀੜਤਾ ਦੇ ਪਿਤਾ ਨੂੰ ਮਾਯੂਸੀ ’ਚ ਚਾਂਗਰਾ ਮਾਰਦਿਆਂ ਸੁਣਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਜਦੋਂ ਪੀੜਤ ਪਿਤਾ ਨੂੰ ਆਪਣੀ ਧੀ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਮੌਕੇ ਉਹ ਊਨ੍ਹਾਂ ਨਾਲ ਫੋਨ ’ਤੇ ਗੱਲ ਕਰ ਰਹੀ ਸੀ। ਕਾਂਗਰਸ ਆਗੂ ਨੇ ਲੜੀਵਾਰ ਟਵੀਟਾਂ ’ਚ ਕਿਹਾ, ‘ਉਹ ਮੈਨੂੰ ਦੱਸ ਰਹੇ ਸਨ ਕਿ ਉਨ੍ਹਾਂ ਨੂੰ ਆਪਣੇ ਬੱਚੇ ਲਈ ਸਿਰਫ਼ ਨਿਆਂ ਚਾਹੀਦਾ ਹੈ। ਬੀਤੀ ਰਾਤ ਪੀੜਤ ਪਿਤਾ ਤੋਂ ਆਪਣੀ ਧੀ ਨੂੰ ਇਕ ਆਖਰੀ ਵਾਰ ਘਰ ਲਿਜਾਣ ਤੇ ਉਹਦੀਆਂ ਅੰਤਿਮ ਰਸਮਾਂ ਕਰਨ ਦਾ ਮੌਕਾ ਵੀ ਖੋਹ ਲਿਆ ਗਿਆ।’ ਪ੍ਰਿਯੰਕਾ ਨੇ ਟਵੀਟ ਆਦਿੱਤਿਆਨਾਥ ਨੂੰ ਟੈਗ ਕਰਦਿਆਂ ਕਿਹਾ, ‘ਅਸਤੀਫ਼ਾ ਦੇਵੋ। ਤੁਹਾਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈ। ਇਸੇ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਬਰ-ਜਨਾਹ ਪੀੜਤ ਦੇ ਜਬਰੀ ਸਸਕਾਰ ਨੂੰ ਯੂਪੀ ਸਰਕਾਰ ਦੀ ‘ਸ਼ਰਮਨਾਕ’ ਕਾਰਵਾਈ ਕਰਾਰ ਦਿੱਤਾ ਹੈ। ਰਾਹੁਲ ਨੇ ਹਿੰਦੀ ’ਚ ਕੀਤੇ ਟਵੀਟ ’ਚ ਕਿਹਾ, ‘ਇਹ ਸੂਬਾ ਸਰਕਾਰ ਦੀ ਦਲਿਤਾਂ ਨੂੰ ਦੱਬਣ ਤੇ ਸਮਾਜ ਵਿੱਚ ਉਨ੍ਹਾਂ ਦੀ ਥਾਂ ਵਿਖਾਉਣ ਦੀ ‘ਸ਼ਰਮਨਾਕ’ ਕਾਰਵਾਈ ਹੈ। ਸਾਡੀ ਲੜਾਈ ਇਸੇ ਨੀਚ ਸੋਚ ਖ਼ਿਲਾਫ਼ ਹੈ।’
-ਪੀਟੀਆਈ
ਮੁਲਜ਼ਮਾਂ ਨੂੰ ਬਾਜ਼ਾਰ ’ਚ ਫਾਹੇ ਟੰਗਿਆ ਜਾਵੇ: ਸ਼ਾਹੀ ਇਮਾਮ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸੁਤੰਤਰਤਾ ਸੰਗਰਾਮ ਦੀ ਪਾਰਟੀ ਮਜਲਿਸ ਅਹਿਰਾਰ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਹਾਥਰਸ ਵਿੱਚ ਦਲਿਤ ਲੜਕੀ ਨਾਲ ਕੀਤੇ ਜਬਰ-ਜਨਾਹ ਦੇ ਮੁਲਜ਼ਮਾਂ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਫਾਂਸੀ ਦੇਣ ਦੀ ਮੰਗ ਕੀਤੀ ਹੈ। ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਉੱਤਰ ਪ੍ਰਦੇਸ਼ ‘ਚ ਧੀਆਂ ਦਰਿੰਦਗੀ ਦਾ ਸ਼ਿਕਾਰ ਹੋ ਰਹੀਆਂ ਤੇ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸਲਾਮੀ ਸ਼ਰੀਅਤ ‘ਚ ਹੁਕਮ ਦਿੱਤਾ ਗਿਆ ਹੈ ਕਿ ਜਬਰ-ਜਨਾਹ ਕਰਨ ਵਾਲੇ ਨੂੰ ਸਰੇ ਬਾਜ਼ਾਰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਮਾਵਾਂ, ਭੈਣਾਂ ਅਤੇ ਧੀਆਂ ਦੀ ਸੁਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ ਨਹੀਂ ਤਾਂ ਦਿਨ-ਬ-ਦਿਨ ਪਹਿਲਾਂ ਵਾਂਗ ਹੋਰ ਮਾਸੂਮ ਬੱਚੀਆਂ ਹੈਵਾਨੀਅਤ ਦੀ ਭੇਟ ਚੜ੍ਹਨਗੀਆਂ।
ਮੋਦੀ ਦੇ ਦਖ਼ਲ ਮਗਰੋਂ ਤਿੰਨ ਮੈਂਬਰੀ ‘ਸਿਟ’ ਕਾਇਮ
ਲਖਨਊ/ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਹਾਥਰਸ ਜਬਰ-ਜਨਾਹ ਤੇ ਹੱਤਿਆ ਕੇਸ ਵਿੱਚ ਸਬੰਧਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਆਖਣ ਮਗਰੋਂ ਮੁੱਖ ਮੰਤਰੀ ਨੇ ਕੇਸ ਦੀ ਜਾਂਚ ਲਈ ਤਿੰਨ ਮੈਂਬਰੀ ‘ਸਿਟ’ ਕਾਇਮ ਕਰ ਦਿੱਤੀ ਹੈ। ਸਿਟ ਨੂੰ 7 ਦਿਨਾਂ ’ਚ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਯੋਗੀ ਨੇ ਕੇਸ ਫਾਸਟ ਟਰੈਕ ਕੋਰਟ ਵਿਚ ਚਲਾਉਣ ਦੀ ਵੀ ਹਦਾਇਤ ਕੀਤੀ ਹੈ। ਗ੍ਰਹਿ ਸਕੱਤਰ ਭਗਵਾਨ ਸਰੂਪ ‘ਸਿੱਟ’ ਦੀ ਅਗਵਾਈ ਕਰਨਗੇ ਜਦੋਂਕਿ ਹੋਰਨਾਂ ਮੈਂਬਰਾਂ ’ਚ ਡੀਆਈਜੀ ਚੰਦਰਪ੍ਰਕਾਸ਼ ਤੇ ਸੂਬਾਈ ਹਥਿਆਰਬੰਦ ਕੌਂਸਟੈਬਲੁਰੀਜ਼ ਆਗਰਾ ਦੀ ਕਮਾਂਡੈਂਟ ਪੂਨਮ ਸ਼ਾਮਲ ਹੋੋੋਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਪੀੜਤ ਮਹਿਲਾ ਦੇ ਪਿਤਾ ਨਾਲ ਗੱਲਬਾਤ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਯਕੀਨ ਦਿਵਾਉਂਦਿਆਂ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
-ਪੀਟੀਆਈ