ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਦੋ ਵੱਖ ਵੱਖ ਘਟਨਾਵਾਂ ਵਿੱਚ ਆਕਸੀਜਨ ਫਲੋ ਮੀਟਰਾਂ ਤੇ ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਕਰਦੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸੂਹ ਦੇ ਆਧਾਰ ’ਤੇ ਵਿਸ਼ੇਸ਼ ਟੀਮ ਗਠਿਤ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ ਤੇ ਇਸ ਦੌਰਾਨ ਬੁਰੜਾੀ ਤੋਂ ਦੋ ਵਿਅਕਤੀਆਂ ਨੂੰ ਆਕਸੀਜਨ ਫਲੋ ਮੀਟਰ ਮਹਿੰਗੇ ਭਾਅ ਵੇਚਦਿਆਂ ਕਾਬੂ ਕਰ ਲਿਆ। ਡੀਸੀਪੀ (ਦਵਾਰਕਾ) ਆਂਟੋ ਅਲਫੋਂਸੇ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਯਸ਼ਪਾਲ ਸਿੰਘ ਨੂੰ ਜਾਅਲੀ ਕਸਟਮਰ ਬਣਾ ਕੇ ਮੁਲਜ਼ਮ ਕੋਲ ਭੇਜਿਆ ਗਿਆ। ਮੁਲਜ਼ਮ ਜਦੋਂ ਬੁਰਾੜੀ ਵਿੱਚ ਟਰਾਂਸਪੋਰਟ ਅਥਾਰਿਟੀ ਦੇ ਉਲਟੇ ਪਾਸੇ ਪੈਟਰੋਲ ਪੰਪ ’ਤੇ ਆਇਆ ਤਾਂ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਡੀਸੀਪੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨਜੀਤ ਸਿੰਘ (20) ਤੇ ਭਾਨੂੰ (21) ਵਜੋਂ ਹੋਈ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ 32 ਆਕਸੀਜਨ ਫਲੋ ਮੀਟਰ ਬਰਾਮਦ ਕੀਤੇ ਗਏ। ਇਨ੍ਹਾਂ ਵਿੱਚੋਂ ਕਰਨਜੀਤ ਸਿੰਘ ਮੈਡੀਕਲ ਸਟੋਰ ਵਿੱਚ ਕੰਮ ਕਰਦਾ ਹੈ ਜਦੋਂਕਿ ਭਾਨੂੰ ਨੇ ਮੇਰਠ ਵਾਸੀ ਸਫ਼ੀਕ ਤੋਂ ਆਕਸੀਜਨ ਫਲੋ ਮੀਟਰਾਂ ਦੀ ਖਰੀਦ ਕੀਤੀ ਸੀ। -ਪੀਟੀਆਈ