ਅਨਿਲ ਸ਼ਰਮਾ
ਰੋਹਤਕ, 12 ਫਰਵਰੀ
ਜਾਟ ਕਾਲਜ ਸਥਿਤ ਅਖਾੜੇ ਵਿੱਚ ਹਮਲਾਵਰਾਂ ਨੇ ਦਾਖ਼ਲ ਹੋ ਕੇ ਪਹਿਲਵਾਨਾਂ ’ਤੇ ਲਗਾਤਾਰ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਦੋ ਮਹਿਲਾ ਪਹਿਲਵਾਨਾਂ ਸਣੇ ਪੰਜ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹਨ। ਮਰਨ ਵਾਲਿਆਂ ਵਿੱਚ ਕੋਚ ਤੇ ਉਸ ਦੀ ਪਹਿਲਵਾਨ ਪਤਨੀ ਵੀ ਸ਼ਾਮਲ ਹੈ।
ਇਹ ਪੁਰਾਣੀ ਰੰਜ਼ਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਤੇ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚ ਮਨੋਜ ਤੇ ਉਸ ਦੀ ਪਤਨੀ ਸਾਕਸ਼ੀ, ਅਤੇ ਜ਼ਖ਼ਮੀਆਂ ਵਿੱਚ ਮਨੋਜ ਦਾ ਤਿੰਨ ਸਾਲ ਦਾ ਬੇਟਾ ਸਰਤਾਜ ਤੇ ਇੱਕ ਹੋਰ ਪਹਿਲਵਾਨ ਸ਼ਾਮਲ ਹਨ। ਦੇਰ ਰਾਤ ਤੱਕ ਪੁਲੀਸ ਮੌਕੇ ’ਤੇ ਹੀ ਜਾਂਚ ਪੜਤਾਲ ਕਰ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਨੇ ਆਲੇ-ਦੁਆਲੇ ਕੈਮਰੇ ਵੀ ਖੰਗਾਲੇ ਪਰ ਅਜੇ ਤੱਕ ਪੁਲੀਸ ਨੂੰ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਸਾਹਮਣਾ ਆਇਆ ਕਿ ਕੁਸ਼ਤੀ ਵਿੱਚ ਚੋਣ ਨੂੰ ਲੈ ਕੇ ਪਿੰਡ ਬੜੌਦਾ ਵਾਸੀ ਕੋਚ ਸੁਖਵਿੰਦਰ ਤੇ ਜਾਟ ਕਾਲਜ ਨੇੜੇ ਅਖਾੜੇ ਦੇ ਪ੍ਰਬੰਧਕ ਮਨੋਜ ਵਿਚਾਲੇ ਵਿਵਾਦ ਚੱਲ ਰਿਹਾ ਸੀ।