ਜੈਪੁਰ, 2 ਅਗਸਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਪਹਿਲ ’ਤੇ ਗੁੱਜਰਾਂ ਸਮੇਤ ਅਤਿ ਪੱਛੜਾ ਵਰਗ (ਐੱਮਬੀਸੀ) ਲਈ ਰਾਜਸਥਾਨ ਜੁਡੀਸ਼ਰੀ ਸੇਵਾ ’ਚ ਇੱਕ ਫੀਸਦ ਦੀ ਥਾਂ ਪੰਜ ਫੀਸਦ ਰਾਖਵਾਂਕਰਨ ਦੇਣ ਲਈ ਰਾਜਸਥਾਨ ਜੁਡੀਸ਼ਰੀ ਸੇਵਾ ਨਿਯਮ, 2010 ’ਚ ਸੋਧ ਨੂੰ ਕੈਬਨਿਟ ਤੋਂ ਮਨਜ਼ੂਰੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਅਤਿ ਪੱਛੜਾ ਵਰਗ ਦੇ ਲਾਭਪਾਤਰੀਆਂ ਵੱਲੋਂ ਲੰਬੇ ਸਮੇਂ ਤੋਂ ਜੁਡੀਸ਼ਲ ਸੇਵਾ ਨਿਯਮਾਂ ’ਚ ਸੋਧ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਜੋ ਉਨ੍ਹਾਂ ਨੂੰ ਸੂਬਾਈ ਜੁਡੀਸ਼ਲ ਸੇਵਾ ’ਚ ਇੱਕ ਫੀਸਦ ਦੀ ਥਾਂ ਪੰਜ ਫੀਸਦ ਰਾਖਵਾਂਕਰਨ ਮਿਲ ਸਕੇ।
ਇਸ ਨਾਲ ਗੁੱਜਰ, ਰਾਇਕਾ ਰੈਬਾੜੀ, ਗਾਡੀ-ਲੌਹਾਰ, ਵਣਜਾਰਾ ਤੇ ਗਡਰੀਆ ਆਦਿ ਅਤਿ ਪੱਛੜਾ ਵਰਗ ਦੇ ਲਾਭਪਾਤਰੀਆਂ ਨੂੰ ਰਾਜਸਥਾਨ ਜੁਡੀਸ਼ਲ ਸੇਵਾ ’ਚ ਨਿਯੁਕਤੀ ਦੇ ਵਧੇਰੇ ਮੌਕੇ ਮਿਲਣੇ ਸੰਭਵ ਹੋ ਸਕਣਗੇ।
-ਪੀਟੀਆਈ