ਨਵੀਂ ਦਿੱਲੀ, 23 ਦਸੰਬਰ
ਕੇਂਦਰ ਸਰਕਾਰ ਨੇ ਸੂਬਾਈ ਸਰਕਾਰਾਂ ਤੇ ਯੂਟੀ ਪ੍ਰਸ਼ਾਸਨਾਂ ਨੂੰ ਕਿਹਾ ਹੈ ਕਿ ਓਮੀਕਰੋਨ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਉਹ ਵਾਇਰਸ ਖ਼ਿਲਾਫ਼ ਢਿੱਲ ਨਾ ਵਰਤਣ ਅਤੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਰੱਖਣ। ਇਸ ਸਬੰਧ ਵਿੱਚ ਸਰਕਾਰ ਨੇ ਸੂਬਿਆਂ ਨੂੰ ਪੰਜ-ਸੂਤਰੀ ਸੁਝਾਅ ਦਿੱਤਾ ਹੈ ਜਿਸ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਪੰਜ ਸੁਝਾਵਾਂ ਵਿੱਚ ਕੰਟੇਨਮੈਂਟ ਜ਼ੋਨ ਬਣਾਉਣ, ਟੈਸਟ ਤੇ ਸਰਵੇਖਣ, ਕਲੀਨਿਕ ਮੇਨੈਜਮੈਂਟ, ਕੋਵਿਡ ਤੋਂ ਬਚਣ ਲਈ ਤਰੀਕੇ ਜਿਵੇਂ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਤੇ ਮਾਸਕ ਪਹਿਨਣਾ ਯਕੀਨੀ ਬਣਾਉਣਾ ਅਤੇ ਟੀਕਾਕਰਨ ਸ਼ਾਮਲ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਜਿਸ ਖੇਤਰ ਵਿੱਚ ਕਰੋਨਾ ਦੀ ਪਾਜ਼ੇਟਿਵ ਦਰ 10 ਫੀਸਦ ਤੋਂ ਵਧ ਜਾਂਦੀ ਹੈ ਜਾਂ ਜਿਸ ਖੇਤਰ ਵਿੱਚ ਆਕਸੀਜਨ ਦੀ ਸਹੂਲਤ ਵਾਲੇ ਬੈੱਡ 40 ਫੀਸਦ ਤੋਂ ਵਧ ਭਰ ਜਾਂਦੇ ਹਨ, ਉਥੇ ਕੰਟੇਨਮੈਂਟ ਨਿਯਮ ਲਾਗੂ ਕੀਤੇ ਜਾ ਸਕਦੇ ਹਨ। -ਆਈਐੱਨਐੱਸ