ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਪੰਜ ਰਾਜਾਂ ਜਿਨ੍ਹਾਂ ਵਿਚ ਤਾਮਿਲਨਾਡੂ ਤੇ ਤਿਲੰਗਾਨਾ ਵੀ ਸ਼ਾਮਲ ਹਨ, ਨੂੰ ਵਾਧੂ 16,728 ਕਰੋੜ ਰੁਪਏ ਉਧਾਰ ਲੈਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਰਾਸ਼ੀ ‘ਵਪਾਰਕ ਸੌਖ’ ਬਾਰੇ ਨਿਰਧਾਰਤ ਸੁਧਾਰ ਲਾਗੂ ਕਰਨ ਤੋਂ ਬਾਅਦ ਇਨ੍ਹਾਂ ਰਾਜਾਂ ਨੂੰ ਜਾਰੀ ਕੀਤੀ ਗਈ ਹੈ। ਇਨ੍ਹਾਂ ਦੋ ਰਾਜਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮੱਧ ਪ੍ਰਦੇਸ਼ ਵੀ ਵਾਧੂ ਰਾਸ਼ੀ ਵਿਚੋਂ ਹਿੱਸਾ ਲੈ ਸਕਣਗੇ। ਕੇਂਦਰ ਸਰਕਾਰ ਨੇ ਮਈ ਮਹੀਨੇ ਉਨ੍ਹਾਂ ਰਾਜਾਂ ਨੂੰ ਵਾਧੂ ਉਧਾਰ ਲੈਣ ਦੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ ਸੀ ਜਿਨ੍ਹਾਂ ਵਪਾਰ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਸੁਧਾਰ ਕੀਤੇ ਸਨ। ਇਨ੍ਹਾਂ ਸੁਧਾਰਾਂ ਵਿਚ ਜ਼ਿਲ੍ਹਾ ਪੱਧਰ ’ਤੇ ਵਪਾਰਕ ਸੁਧਾਰ ਯੋਜਨਾ ਨੂੰ ਲਾਗੂ ਕਰਨਾ ਸ਼ਾਮਲ ਸੀ ਜਿਸ ਦੀ ਬਾਅਦ ਵਿਚ ਸਮੀਖਿਆ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਕੇਂਦਰੀ ਐਕਟਾਂ ਤਹਿਤ ਕੁਝ ਕਾਰੋਬਾਰੀ ਗਤੀਵਿਧੀਆਂ ਲਈ ਰਜਿਸਟਰੇਸ਼ਨ ਸਰਟੀਫਿਕੇਟ, ਮਨਜ਼ੂਰੀ ਤੇ ਲਾਇਸੈਂਸ ਆਦਿ ਨੂੰ ਨਵਿਆਉਣ ਦੀ ਲੋੜ ਨੂੰ ਖ਼ਤਮ ਕਰਨਾ ਵੀ ਸ਼ਾਮਲ ਸੀ। -ਪੀਟੀਆਈ