ਨਵੀਂ ਦਿੱਲੀ, 28 ਸਤੰਬਰ
ਮੁੱਖ ਅੰਸ਼
- ਆਈਐੱਸਆਈਐੈੱਸ ਨਾਲ ਸਬੰਧਾਂ ਦਾ ਦੋਸ਼ ਲਾਇਆ
- ਇਕ ਵੱਖਰੇ ਨੋਟੀਫਿਕੇਸ਼ਨ ਜ਼ਰੀਏ ਸੂਬਾ ਸਰਕਾਰਾਂ ਨੂੰ ਪੀਐੱਫਆਈ ਨਾਲ ਜੁੜੇ ਸਮੂਹਾਂ ਖਿਲਾਫ਼ ਕਾਰਵਾਈ ਦੇ ਅਧਿਕਾਰ ਦਿੱਤੇ
ਸਰਕਾਰ ਨੇ ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਤੇ ਉਸ ਦੀਆਂ ਕਈ ਸਹਾਇਕ ਜਥੇਬੰਦੀਆਂ ’ਤੇ ਦਹਿਸ਼ਤੀ ਸਰਗਰਮੀਆਂ ਦੇ ਟਾਕਰੇ ਲਈ ਬਣੇ ਕਈ ਸਖ਼ਤ ਕਾਨੂੰਨਾਂ ਤਹਿਤ ਪੰਜ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਜਥੇਬੰਦੀਆਂ ’ਤੇ ਆਈਐੈੱਸਆਈਐੱਸ ਜਿਹੇ ਆਲਮੀ ਦਹਿਸ਼ਤੀ ਸਮੂਹਾਂ ਨਾਲ ‘ਸਬੰਧ’ ਹੋਣ ਦਾ ਦੋਸ਼ ਲਾਇਆ ਹੈ। ਪੀਐੱਫਆਈ ਤੋਂ ਇਲਾਵਾ ਜਿਨ੍ਹਾਂ ਹੋਰ ਜਥੇਬੰਦੀਆਂ ਖਿਲਾਫ਼ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਰਿਹੈਬ ਇੰਡੀਆ ਫਾਊਂਡੇਸ਼ਨ, ਕੈਂਪਸ ਫਰੰਟ ਆਫ਼ ਇੰਡੀਆ, ਆਲ ਇੰਡੀਆ ਇਮਾਮਜ਼ ਕੌਂਸਲ, ਨੈਸ਼ਨਲ ਕਨਫੈਡਰੇਸ਼ਨ ਆਫ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ, ਨੈਸ਼ਨਲ ਵਿਮੈੱਨਜ਼ ਫਰੰਟ, ਜੂਨੀਅਰ ਫਰੰਟ, ਇੰਪਾਵਰ ਇੰਡੀਆ ਫਾਊਂਡੇਸ਼ਨ ਤੇ ਰਿਹੈਬ ਫਾਊਂਡੇਸ਼ਨ ਕੇਰਲਾ ਸ਼ਾਮਲ ਹਨ।
ਪੁਲੀਸ ਟੀਮਾਂ ਨੇ ਲੰਘੇ ਦਿਨ ਸੱਤ ਰਾਜਾਂ ਵਿੱਚ ਵੱਖ ਵੱਖ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੌਰਾਨ ਪੀਐੱਫਆਈ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ 170 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਾਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਅਜਿਹੀ ਇਕ ਹੋਰ ਕਾਰਵਾਈ ਵਿੱਚ ਐੱਨਆਈਏ ਤੇ ਈਡੀ ਦੀਆਂ ਟੀਮਾਂ ਨੇ 16 ਸਾਲ ਪੁਰਾਣੀ ਜਥੇਬੰਦੀ ਦੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚਲੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਵਿੱਚ ਸੌ ਤੋਂ ਵੱਧ ਕਾਰਕੁਨਾਂ ਨੂੰ ਗ੍ਰਿਫ਼ਤਾਰ ਤੇ ਦਰਜਨ ਤੋਂ ਵੱਧ ਜਾਇਦਾਦਾਂ ਨੂੰ ਜ਼ਬਤ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਦੇਰ ਰਾਤ ਜਾਰੀ ਨੋਟੀਫਿਕੇਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਪੀਐੱਫਆਈ ਦੇ ਕੁਝ ਬਾਨੀ ਮੈਂਬਰ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਦੇ ਆਗੂ ਹਨ ਅਤੇ ਪੀਐੱਫਆਈ ਦਾ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇਐੱਮਬੀ) ਨਾਲ ਵੀ ਸਬੰਧ ਹੈ। ਜੇਐੱਮਬੀ ਤੇ ਸਿਮੀ, ਦੋਵੇਂ ਪਾਬੰਦੀਸ਼ੁਦਾ ਜਥੇਬੰਦੀਆਂ ਹਨ। ਸਰਕਾਰ ਨੇ ਕਿਹਾ ਕਿ ਪੀਐੱਫਆਈ ਦੇ ਇਸਲਾਮਿਕ ਸਟੇਟ ਆਫ਼ ਇਰਾਕ ਤੇ ਸੀਰੀਆ (ਆਈਐੱਸਆਈਐੱਸ) ਜਿਹੀਆਂ ਆਲਮੀ ਦਹਿਸ਼ਤੀ ਜਥੇਬੰਦੀਆਂ ਨਾਲ ਨੇੜਤਾ ਬਾਰੇ ਕਈ ਮਿਸਾਲਾਂ ਹਨ। ਸਰਕਾਰ ਨੇ ਇਕ ਵੱਖਰੇ ਨੋਟੀਫਿਕੇਸ਼ਨ ਜ਼ਰੀਏ ਸੂਬਾ ਸਰਕਾਰਾਂ ਨੂੰ ਪੀਐੱਫਆਈ ਨਾਲ ਜੁੜੇ ਸਮੂਹਾਂ ਖਿਲਾਫ਼ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਹਨ। ਸਰਕਾਰ ਦੀ ਇਸ ਕਾਰਵਾਈ ਮਗਰੋਂ ਆਮਦਨ ਕਰ ਵਿਭਾਗ ਨੇ ਪੀਐੱਫਆਈ ਨੂੰ ਆਈਟੀ ਐਕਟ 1961 ਦੀ ਧਾਰਾ 12ਏ ਜਾਂ 12ਏਏ ਤਹਿਤ ਦਿੱਤੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ। ਵਿਭਾਗ ਨੇ ਰਿਹੈਬ ਇੰਡੀਆ ਫਾਊਂਡੇਸ਼ਨ ਦੀ ਰਜਿਸਟਰੇਸ਼ਨ ਵੀ ਖਾਰਜ ਕੀਤੀ ਹੈ। ਉਧਰ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਯੂਪੀ, ਕਰਨਾਟਕ ਤੇ ਗੁਜਰਾਤ ਸਰਕਾਰਾਂ ਨੇ ਵੀ ਪੀਐੱਫਆਈ ’ਤੇ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਸੀ। ਯੂਪੀ, ਕਰਨਾਟਕ, ਮਹਾਰਾਸ਼ਟਰ ਤੇ ਅਸਾਮ ਦੇ ਮੁੱਖ ਮੰਤਰੀਆਂ ਨੇ ਫੈਸਲੇ ਦਾ ਸਵਾਗਤ ਕੀਤਾ ਹੈ। -ਪੀਟੀਆਈ
ਪਾਬੰਦੀ ਦੀ ਹਮਾਇਤ ਨਹੀਂ ਕਰ ਸਕਦੇ: ਓਵਾਇਸੀ
ਹੈਦਰਾਬਾਦ: ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਉਨ੍ਹਾਂ ਪਾਪੂਲਰ ਫਰੰਟ ਆਫ਼ ਇੰਡੀਆ ਵੱਲੋਂ ਅਪਣਾਈ ਪਹੁੰਚ ਦੀ ਹਮੇਸ਼ਾ ਖਿਲਾਫ਼ਤ ਕੀਤੀ ਹੈ, ਪਰ ਕੱਟੜਵਾਦੀ ਜਥੇਬੰਦੀ ’ਤੇ ਲਾਈ ਪਾਬੰਦੀ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਓਵਾਇਸੀ ਨੇ ਟਵੀਟ ਕੀਤਾ, ‘‘ਪਰ ਅਜਿਹੀ ਸਖ਼ਤ ਪਾਬੰਦੀ ਖ਼ਤਰਨਾਕ ਹੈ ਕਿਉਂਕਿ ਇਹ ਪਾਬੰਦੀ ਉਸ ਕਿਸੇ ਵੀ ਮੁਸਲਮਾਨ ’ਤੇ ਹੈ, ਜੇ ਆਪਣੇ ਮਨ ਦੀ ਗੱਲ ਕਰਨਾ ਚਾਹੁੰਦਾ ਹੈ। ਜਿਸ ਤਰ੍ਹਾਂ ਭਾਰਤ ਦਾ ਵੋਟ ਬੈਂਕ ਨਿਰੰਕੁਸ਼ ਫਾਸ਼ੀਵਾਦ ਤੱਕ ਪਹੁੰਚ ਰਿਹਾ ਹੈ, ਹੁਣ ਪੀਐੱਫਆਈ ਦੇ ਪਰਚੇ ਨਾਲ ਹਰ ਮੁਸਲਿਮ ਨੌਜਵਾਨ ਨੂੰ ਭਾਰਤ ਦੇ ਕਾਲੇ ਕਾਨੂੰਨ ਯੂਏਪੀਏ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ।’’ -ਪੀਟੀਆਈ
‘ਪਾਬੰਦੀ’ ਸਮੇਂ ਸਿਰ ਕੀਤੀ ਕਾਰਵਾਈ, ਕਾਂਗਰਸ ਨੇ ਸਰਪ੍ਰਸਤੀ ਦਿੱਤੀ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਪੀਐੱਫਆਈ ’ਤੇ ਲਾਈ ਪਾਬੰਦੀ ਨੂੰ ‘ਠੋਸ ਤੇ ਸਮੇਂ ਸਿਰ’ ਕੀਤੀ ਕਾਰਵਾਈ ਕਰਾਰ ਦਿੰਦਿਆਂ ਕਾਂਗਰਸ ’ਤੇ ਇਸਲਾਮਿਕ ਜਥੇਬੰਦੀ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਾਇਆ ਹੈ। ਭਾਜਪਾ ਦੇ ਜਨਰਲ ਸਕੱਤਰ ਸੀ.ਟੀ.ਰਵੀ ਨੇ ਇਸ ਪੇਸ਼ਕਦਮੀ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਕਾਂਗਰਸ ਨੇ ਪੀਐੱਫਆਈ ਦੀ ਕਥਿਤ ਪੁੁਸ਼ਤਪਨਾਹੀ ਕੀਤੀ।’ ਭਾਜਪਾ ਆਗੂ ਨੇ ਕਿਹਾ ਕਿ ਪੀਐੱਫਆਈ ਹੋਰ ਕੁਝ ਨਹੀਂ ਬਲਕਿ ‘ਸਿਮੀ ਦਾ ਹੀ ਅਵਤਾਰ ਹੈ, ਜਿਸ ਦੇ ਕਈ ਦਹਿਸ਼ਤੀ ਸਮੂਹਾਂ ਨਾਲ ਸਬੰਧ ਹਨ, ਜੋ ਭਾਰਤ ਵਿੱਚ ਸਮਾਜਿਕ ਬੇਚੈਨੀ ਫੈਲਾਉਣ ਲਈ ਜ਼ਿੰਮੇਵਾਰ ਹਨ।’’ ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਸਰਕਾਰ ਦੀ ਇਸ ਪੇਸ਼ਕਦਮੀ ਨੂੰ ਧਾਰਾ 370 ਰੱਦ ਕਰਨ ਵਾਂਗ ਇਕ ਹੋਰ ਮੀਲਪੱਥਰ ਫੈਸਲਾ ਕਰਾਰ ਦਿੱਤਾ ਹੈ। -ਪੀਟੀਆਈ
‘ਪੀਐੱਫਆਈ ਤੋਂ ਪਹਿਲਾਂ ਆਰਐੱਸਐੱਸ ’ਤੇ ਪਾਬੰਦੀ ਲੱਗਣੀ ਚਾਹੀਦੀ ਸੀ’
ਪਟਨਾ/ਨਵੀਂ ਦਿੱਲੀ: ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਅੱਜ ਕਿਹਾ ਕਿ ਪੀਐੱਫਆਈ ਤੋਂ ਪਹਿਲਾਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਉੱਤੇ ਪਾਬੰਦੀ ਲਾਉਣੀ ਚਾਹੀਦੀ ਸੀ। ਉਨ੍ਹਾਂ ਆਰਐੱਸਐੱਸ ਨੂੰ ‘ਹਿੰਦੂ ਕੱਟੜਵਾਦੀ ਜਥੇਬੰਦੀ’ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਜਥੇਬੰਦੀਆਂ ਪਾਬੰਦੀ ਦੀਆਂ ਹੱਕਦਾਰ ਹਨ। ਆਪਣੀ ਪਾਰਟੀ ਦੇ ਸਿਖਰਲੇ ਅਹੁਦੇ ਲਈ ਨਾਮਜ਼ਦਗੀ ਭਰਨ ਲਈ ਦਿੱਲੀ ਪੁੱਜੇ ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਉਹ ਪੀਐੱਫਆਈ ਦੇ ਹਊਆ ਖੜ੍ਹਾ ਕਰੀ ਰੱਖਦੇ ਹਨ। ਉਹ ਆਰਐੱਸਐੱਸ ਹੈ, ਜੋ ਹਿੰਦੂ ਕੱਟੜਵਾਦ ਦੀ ਗੱਲ ਕਰਦੀ ਹੈ, ਪਹਿਲਾਂ ਪਾਬੰਦੀ ਦੀ ਹੱਕਦਾਰ ਹੈ।’’ ਲਾਲੂ ਨੂੰ ਜਦੋਂ ਪੁੱਛਿਆ ਕਿ ਕੀ ਉਨ੍ਹਾਂ ਦੇ ਪੁੱਤਰ ਤੇ ਮੌਜੂਦਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਇਕ ਦਿਨ ਬਿਹਾਰ ਦੇ ਮੁੱਖ ਮੰਤਰੀ ਬਣਨਗੇ ਤਾਂ ਉਨ੍ਹਾਂ ਕਿਹਾ, ‘ਬਿਲਕੁਲ’। ਇਸ ਦੌਰਾਨ ਦਿੱਲੀ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ ਇਲਾਜ ਲਈ ਸਿੰਗਾਪੁਰ ਦੀ ਯਾਤਰਾ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਲਾਲੂ 10 ਅਕਤੂਬਰ ਤੋਂ 25 ਅਕਤੂਬਰ ਤੱਕ ਵਿਦੇਸ਼ ਯਾਤਰਾ ’ਤੇ ਰਹਿਣਗੇ। ਵਿਸ਼ੇਸ਼ ਸੀਬੀਆਈ ਕੋਰਟ ਨੇ 16 ਸਤੰਬਰ ਨੂੰ ਪ੍ਰਸਾਦ ਦਾ ਪਾਸਪੋਰਟ ਰਿਲੀਜ਼ ਕਰਨ ਦੀ ਖੁੱਲ੍ਹ ਦੇ ਦਿੱਤੀ ਸੀ। -ਪੀਟੀਆਈ
ਧਰਮ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ਼ ਹੈ ਕਾਂਗਰਸ: ਰਮੇਸ਼
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਉਹ ਅਜਿਹੀਆਂ ਸਾਰੀਆਂ ਵਿਚਾਰਧਾਰਾਵਾਂ ਤੇ ਸੰਸਥਾਵਾਂ ਦੇ ਖਿਲਾਫ਼ ਹੈ, ਜੋ ਸਮਾਜ ਦੇ ਧਰੁਵੀਕਰਨ ਅਤੇ ਨਫ਼ਰਤ, ਹੱਠਧਰਮੀ ਤੇ ਹਿੰਸਾ ਦੇ ਪ੍ਰਚਾਰ ਪਾਸਾਰ ਲਈ ਧਰਮ ਦੀ ਦੁਰਵਰਤੋਂ ਕਰਦੇ ਹਨ। ਪਾਰਟੀ ਦੇ ਸੀਨੀਅਰ ਆਗੂ ਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਫਿਰਕੂਵਾਦ ਦੇ ਹਰ ਰੂਪ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਨੇ ਫਿਰਕੂਵਾਦ ਦੇ ਸਾਰੇ ਸਰੂਪਾਂ ਤੇ ਵੰਨਗੀਆਂ ਦਾ ਹਮੇਸ਼ਾ ਵਿਰੋਧ ਕੀਤਾ ਹੈ ਤੇ ਅੱਗੋਂ ਵੀ ਕਰਦੀ ਰਹੇਗੀ। ਘੱਟਗਿਣਤੀ ਜਾਂ ਬਹੁਗਿਣਤੀ ਨਾਲ ਕੋਈ ਫ਼ਰਕ ਨਹੀਂ ਪੈਂਦਾ। ਕਾਂਗਰਸ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਉਹ ਬਿਨਾਂ ਕੋਈ ਸਮਝੌਤਾ ਕੀਤਿਆਂ ਉਨ੍ਹਾਂ ਸਾਰੀਆਂ ਵਿਚਾਰਧਾਰਾਵਾਂ ਤੇ ਸੰਸਥਾਵਾਂ ਖਿਲਾਫ਼ ਲੜਦੀ ਰਹੀ ਹੈ, ਜੋ ਸਮਾਜ ਦੇ ਧਰੁਵੀਕਰਨ ਅਤੇ ਨਫ਼ਰਤ, ਹੱਠਧਰਮੀ ਤੇ ਹਿੰਸਾ ਦੇ ਪ੍ਰਚਾਰ ਪਾਸਾਰ ਲਈ ਧਰਮ ਦੀ ਦੁਰਵਰਤੋਂ ਕਰਦੇ ਹਨ।’’ -ਪੀਟੀਆਈ