ਅਹਿਮਦਾਬਾਦ, 3 ਜੁਲਾਈ
ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਵਿਗੜੇ ਹਾਲਾਤ ਨੂੰ ਦੇਖਦਿਆਂ ਸੂਰਤ, ਬਨਾਸਕਾਂਠਾ ਅਤੇ ਰਾਜਕੋਟ ਜ਼ਿਲ੍ਹਿਆਂ ਵਿੱਚ ਐੱਨਡੀਆਰਐੱਫ ਦੀਆਂ ਪੰਜ ਟੀਮਾਂ ਭੇਜੀਆਂ ਗਈਆਂ ਹਨ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸਈਓਸੀ) ਅਨੁਸਾਰ ਦੱਖਣੀ ਗੁਜਰਾਤ ਦੇ ਨਵਸਾਰੀ ਅਤੇ ਤਾਪੀ ਜ਼ਿਲ੍ਹਿਆਂ ਤੋਂ ਇਲਾਵਾ ਦੇਵਭੂਮੀ ਦਵਾਰਕਾ, ਜੂਨਾਗੜ੍ਹ ਅਤੇ ਜਾਮਨਗਰ ਦੇ ਕੁੱਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ’ਚ ਭਾਰੀ ਮੀਂਹ ਪਿਆ। 30 ਤਹਿਸੀਲਾਂ ਵਿੱਚ 50 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਰਮਦਾ, ਭਰੂਚ, ਸੂਰਤ ਅਤੇ ਵਡੋਦਰਾ ਦੇ ਕੁੱਝ ਹਿੱਸਿਆਂ ਵਿੱਚ ਵੀ ਕਾਫੀ ਮੀਂਹ ਪਿਆ।
ਏਜੰਸੀ ਨੇ ਦੱਸਿਆ ਕਿ ਭਾਰਤ ਦੇ ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਵਿੱਚ ਗੁਜਰਾਤ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਐੱਨਡੀਆਰਐੱਫ ਦੀਆਂ ਪੰਜ ਟੀਮਾਂ ਦੀ ਸੂਰਤ, ਬਨਾਸਕਾਂਠਾ ਅਤੇ ਰਾਜਕੋਟ ਜ਼ਿਲ੍ਹਿਆਂ ਵਿੱਚ ਤਾਇਨਾਤੀ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨਵਸਾਰੀ ਦੇ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਟਰੈਫਿਕ ਜਾਮ ਹੋ ਗਿਆ ਅਤੇ ਅੰਡਰਪਾਸ ਬੰਦ ਹੋ ਗਏ ਜਦੋਂਕਿ ਜੂਨਾਗੜ੍ਹ ਅਤੇ ਦੇਵਭੂਮੀ ਦਵਾਰਕਾ ਵਿੱਚ ਨਦੀਆਂ ਅਤੇ ਡੈਮਾਂ ’ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ।
ਜੈਪੁਰ: ਰਾਜਸਥਾਨ ਦੇ ਕੁੱਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਭਾਰੀ ਮੀਂਹ ਪਿਆ। ਸੂਬੇ ਦੇ ਕੁੱਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਪੀਰਾਵਾ (ਝਾਲਾਵਾੜ), ਨਸੀਰਾਬਾਦ (ਅਜਮੇਰ), ਖਿਨਵਸਰ (ਨਾਗੌਰ) ਅਤੇ ਰਤਨਗੜ੍ਹ ਵਿੱਚ ਸੱਤ ਸੈਂਟੀਮੀਟਰ ਜਦਕਿ ਮੰਗਰੋਲ (ਬਾਰਾਨ) ਅਤੇ ਪਿਸਾਂਗਨ (ਅਜਮੇਰ) ਵਿੱਚ ਛੇ ਸੈਂਟੀਮੀਟਰ ਮੀਂਹ ਪਿਆ। ਇਸੇ ਤਰ੍ਹਾਂ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਪੰਜ ਸੈਂਟੀਮੀਟਰ ਤੋਂ ਘੱਟ ਮੀਂਹ ਦਰਜ ਕੀਤਾ ਗਿਆ। -ਪੀਟੀਆਈ
ਕੇਰਲ ਦੇ ਪੰਜ ਜ਼੍ਹਿਲਿਆਂ ਵਿੱਚ ‘ਓਰੇਂਜ ਅਲਰਟ’
ਤਿਰੁਵਨੰਤਪੁਰਮ: ਕੇਰਲ ਦੇ ਵੱਖ-ਵੱਖ ਹਿੱਸਿਆਂ ਵਿੱਚ ਮੋਹਲੇਧਾਰ ਮੀਂਹ ਪੈਣ ਮਗਰੋਂ ਭਾਰਤੀ ਮੌਸਮ ਵਿਭਾਗ ਨੇ ਅੱਜ ਇੱਥੋਂ ਦੇ ਪੰਜ ਜ਼ਿਲ੍ਹਿਆਂ ਵਿੱਚ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਇਡੁੱਕੀ, ਤ੍ਰਿਸਰ, ਕੋੜੀਕੋਡ, ਕੰਨੂਰ ਅਤੇ ਕਸਾਰਾਗੋਡ ਜ਼ਿਲ੍ਹਿਆਂ ਲਈ ਦੁਪਹਿਰ ਤਿੰਨ ਵਜੇ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਸੋਮਵਾਰ ਲਈ ਵੀ ਇਨ੍ਹਾਂ ਪੰਜ ਜ਼ਿਲ੍ਹਿਆਂ ਅਤੇ ਮਲੱਪੁਰਮ ਵਿੱਚ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਵਿਭਾਗ ਨੇ ਇਹ ਵੀ ਕਿਹਾ ਕਿ ਸੱਤ ਜੁਲਾਈ ਤੱਕ ਕੇਰਲ-ਲਕਸ਼ਦੀਪ-ਕਰਨਾਟਕ ਦੇ ਤਟ ਨੇੜੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ। -ਪੀਟੀਆਈ