ਗੁਹਾਟੀ/ਪਟਨਾ, 26 ਜੁਲਾਈ
ਅਸਾਮ ਅਤੇ ਬਿਹਾਰ ’ਚ ਹੜ੍ਹਾਂ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ। ਦੋਵੇਂ ਸੂਬਿਆਂ ’ਚ ਲੱਖਾਂ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਅਸਾਮ ’ਚ ਪੰਜ ਹੋਰ ਵਿਅਕਤੀਆਂ ਦੇ ਦਮ ਤੋੜਨ ਨਾਲ ਮੌਤਾਂ ਦੀ ਗਿਣਤੀ ਵਧ ਕੇ 128 ਹੋ ਗਈ ਹੈ। ਸੂਬੇ ਦੇ 23 ਜ਼ਿਲ੍ਹਿਆਂ ’ਚ 25 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਪ੍ਰਦੇਸ਼ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਰਿਪੋਰਟ ਮੁਤਾਬਕ ਬਾਰਪੇਟਾ ਅਤੇ ਕੋਕਰਾਝਾੜ ਜ਼ਿਲ੍ਹਿਆਂ ’ਚ ਦੋ-ਦੋ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੜ੍ਹਾਂ ਕਾਰਨ ਗੋਪਾਲਪਾੜਾ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਲੋਕਾਂ ਨੂੰ ਬਚਾਉਣ ਲਈ 101 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ 188 ਲੋਕਾਂ ਨੂੰ ਬਚਾਇਆ ਗਿਆ ਹੈ। ਉੱਤਰ-ਪੂਰਬੀ ਖ਼ਿੱਤੇ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨਾਲ ਲਗਾਤਾਰ ਸੰਪਰਕ ’ਚ ਹਨ। ਅਧਿਕਾਰੀਆਂ ਵੱਲੋਂ 452 ਰਾਹਤ ਕੈਂਪ ਚਲਾਏ ਜਾ ਰਹੇ ਹਨ ਜਿਥੇ 45912 ਵਿਅਕਤੀਆਂ ਨੇ ਪਨਾਹ ਲਈ ਹੋਈ ਹੈ।
ਉਧਰ ਬਿਹਾਰ ਦੇ 11 ਜ਼ਿਲ੍ਹਿਆਂ ਦੇ ਕਰੀਬ 15 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਦਰਭੰਗਾ ਜ਼ਿਲ੍ਹੇ ’ਚ ਹੜ੍ਹਾਂ ਕਾਰਨ ਜ਼ਿਆਦਾ ਤਬਾਹੀ ਮਚੀ ਹੈ। ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖ਼ਲ ਹੋ ਗਿਆ ਹੈ ਅਤੇ ਲੋਕਾਂ ਨੂੰ ਲਕ ਜਿੰਨੇ ਪਾਣੀ ’ਚੋਂ ਗੁਜ਼ਰਨਾ ਪੈ ਰਿਹਾ ਹੈ। ਇਕ ਵਿਅਕਤੀ ਨੇ ਕਿਹਾ ਕਿ ਉਹ ਹਰ ਸਾਲ ਹੜ੍ਹਾਂ ਦਾ ਸਾਹਮਣਾ ਕਰਦੇ ਹਨ ਪਰ ਇਸ ਵਾਰ ਹੜ੍ਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪ੍ਰਸ਼ਾਸਨ ਨੇ 1.36 ਵਿਅਕਤੀਆਂ ਨੂੰ ਬਚਾਇਆ ਹੈ। ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਵੱਲੋਂ ਲੋਕਾਂ ਲਈ ਭੋਜਨ ਦੇ ਪੈਕੇਟ ਸੁੱਟੇ ਗਏ। ਪੂਰੀ ਚੰਪਾਰਨ ’ਚ ਐੱਨਡੀਆਰਐੱਫ ਦੀ ਦੀ ਕਿਸ਼ਤੀ ’ਚ ਸਵਾਰ ਗਰਭਵਤੀ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। -ਪੀਟੀਆਈ