ਨਵੀਂ ਦਿੱਲੀ: ਕਈ ਪਾਸਿਓਂ ਆਲੋਚਨਾ ਹੋਣ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਨੇ ਅੱਜ ਗਰਭਵਤੀ ਔਰਤਾਂ ਨੂੰ ਨੌਕਰੀ ’ਤੇ ਰੱਖਣ ਸਬੰਧੀ ਆਪਣਾ ਸਰਕੁਲਰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਬੈਂਕ ਨੇ ਹਾਲ ਹੀ ਵਿਚ ਭਰਤੀ ਸਬੰਧੀ ਆਪਣੇ ਫਿਟਨੈੱਸ ਨੇਮਾਂ ਦੀ ਸਮੀਖਿਆ ਕੀਤੀ ਸੀ। ਨਵੇਂ ਨਿਯਮਾਂ ਵਿਚ ਕਿਹਾ ਗਿਆ ਸੀ ਕਿ ਜਿਹੜੀ ਮਹਿਲਾ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਗਰਭਵਤੀ ਹੈ, ਉਸ ਨੂੰ ਆਰਜ਼ੀ ਤੌਰ ਉਤੇ ‘ਅਨਫਿਟ’ ਮੰਨਿਆ ਜਾਵੇਗਾ ਤੇ ਉਹ ਬੱਚੇ ਨੂੰ ਜਨਮ ਦੇਣ ਤੋਂ ਚਾਰ ਮਹੀਨੇ ਬਾਅਦ ਨੌਕਰੀ ਜੁਆਇਨ ਕਰ ਸਕਦੀ ਹੈ। ਬੈਂਕ ਦੇ ਇਸ ਕਦਮ ਦੀ ਦਿੱਲੀ ਮਹਿਲਾ ਕਮਿਸ਼ਨ ਸਣੇ ਕਈਆਂ ਨੇ ਨਿਖੇਧੀ ਕੀਤੀ ਸੀ। ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਐੱਸਬੀਆਈ ਨੇ ਫ਼ਿਲਹਾਲ ਗਰਭਵਤੀ ਔਰਤਾਂ ਬਾਰੇ ਸੋਧੀਆਂ ਹਦਾਇਤਾਂ ਨੂੰ ਲਾਗੂ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਪੁਰਾਣੇ ਨਿਯਮਾਂ ਤਹਿਤ ਨੌਕਰੀ ਦਿੱਤੀ ਜਾਵੇਗੀ। ਬੈਂਕ ਨੇ ਕਿਹਾ ਸੀ ਕਿ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਤੋਂ ਗਰਭਵਤੀ ਔਰਤ ਨੂੰ ਹੀ ਫਿੱਟ ਮੰਨਿਆ ਜਾਵੇਗਾ। -ਪੀਟੀਆਈ