ਨਵੀਂ ਦਿੱਲੀ: ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ਨੇ ਲਗਪਗ 100 ਪੋਸਟਾਂ ਤੇ ਯੂਆਰਐੱਲ ਹਟਾ ਦਿੱਤੇ ਹਨ। ਸਰਕਾਰ ਨੇ ਇਨ੍ਹਾਂ ਸੋਸ਼ਲ ਮੀਡੀਆ ਮੰਚਾਂ ਤੋਂ ਇਨ੍ਹਾਂ ਸਮੱਗਰੀਆਂ ਨੂੰ ਹਟਾਉਣ ਲਈ ਕਿਹਾ ਸੀ ਜੋ ਮਹਾਮਾਰੀ ਨਾਲ ਸਬੰਧਤ ਫਰਜ਼ੀ ਖ਼ਬਰਾਂ ਨੂੰ ਪ੍ਰਸਾਰਿਤ ਕਰਨ ਤੇ ਮੌਜੂਦਾ ਮੈਡੀਕਲ ਸੰਕਟ ਨਾਲ ਨਜਿੱਠਣ ਦੇ ਰੁਖ਼ ਬਾਰੇ ਨਿਖੇਧੀ ਭਰੀਆਂ ਸਨ। ਟਵਿਟਰ ਮੁਤਾਬਕ ਉਸ ਨੇ ਭਾਰਤ ਸਰਕਾਰ ਦੇ ਕਹਿਣ ’ਤੇ ਕੁਝ ਅਕਾਊਂਟਧਾਰਕਾਂ ਨੂੰ ਆਪਣੀ ਕਾਰਵਾਈ ਦੇ ਸਬੰਧ ’ਚ ਸੂਚਿਤ ਕੀਤਾ ਹੈ। ਫੇਸਬੁੱਕ ਨੇ ਹਾਲਾਂਕਿ ਇਸ ਮਸਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਸੂਤਰਾਂ ਨੇ ਦੱਸਿਆ ਕਿ ਕੰਪਨੀਆਂ ਨੇ ਹੁਕਮ ਦੀ ਪਾਲਣਾ ਕੀਤੀ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗਾ ਹੈ ਕਿ ਹਟਾਈਆਂ ਗਈਆਂ ਪੋਸਟਾਂ ਕੀ ਸਨ। ਹਾਲ ਦੀ ਘੜੀ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਆਈਟੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਸ਼ ’ਤੇ ਇਨ੍ਹਾਂ ਸੋਸ਼ਲ ਮੀਡੀਆ ਮੰਚਾਂ ਨੂੰ ਅਜਿਹੀਆਂ ਪੋਸਟਾਂ ਹਟਾਉਣ ਲਈ ਕਿਹਾ ਸੀ ਜੋ ਮਹਾਮਾਰੀ ਖ਼ਿਲਾਫ਼ ਲੜਾਈ ’ਚ ਵਿਘਨ ਪਾਉਂਦੀਆਂ ਹਨ। ਇਸ ਦੌਰਾਨ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਹੈਰਾਨੀ ਹੋਈ ਹੈ ਕਿ ਕੇਂਦਰ ਸਰਕਾਰ ਨੂੰ ਇਸ ਸੰਕਟ ਦੇ ਸਮੇਂ ’ਚ ਵੀ ਕੁਝ ਲੋਕਾਂ ਦੀ ਜੁਆਬਦੇਹੀ ਤੈਅ ਕਰਨ ਦਾ ਸਮਾਂ ਮਿਲਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਸਿਸਟਮ ਨੂੰ ਫੇਲ੍ਹ ਕਰ ਦਿੱਤਾ ਹੈ। ਉਹ ਲੋਕ ਜੁਆਬਦੇਹ ਹਨ। -ਪੀਟੀਆਈ