ਟ੍ਰਿਬਿਊਨ ਨਿਊਜ਼ ਸਰਵਿਸ
ਪਾਣੀਪਤ/ਲਖਨਊ, 15 ਮਈ
ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵਿੱਚ ਫੁੱਟ ਪੈ ਗਈ ਹੈ ਤੇ ਨਵੇਂ ਧੜੇ ਦੇ ਪ੍ਰਧਾਨ ਰਾਜੇਸ਼ ਚੌਹਾਨ ਬਣ ਗਏ ਹਨ। ਉਨ੍ਹਾਂ ਨੇ ਆਪਣੇ ਧੜੇ ਨੂੰ ਅਸਲੀ’ ਸੰਗਠਨ ਹੋਣ ਦਾ ਦਾਅਵਾ ਕੀਤਾ ਹੈ। ਨਰੇਸ਼ ਟਿਕੈਤ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਰਾਕੇਸ਼ ਟਿਕੈਤ ਨੂੰ ਵੀ ਜਥੇਬੰਦੀ ਦੇ ਬੁਲਾਰੇ ਦੇ ਅਹੁਦੇ ਤੋਂ ਪਾਸੇ ਕਰ ਦਿੱਤਾ ਹੈ। ਇਹ ਫੁੱਟ ਲਖਨਊ ਵਿੱਚ ਬੀਕੇਯੂ ਦੇ ਸੰਸਥਾਪਕ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਪਈ। ਸ੍ਰੀ ਰਾਜੇਸ਼ ਚੌਹਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਿਕੈਤ ਭਰਾ ਸੰਗਠਨ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ,‘ਅਸੀਂ ਗੈਰ-ਸਿਆਸੀ ਸੰਗਠਨ ਹਾਂ ਅਤੇ ਰਹਾਂਗੇ।’ ਬੀਕੇਯੂ ਵਿਚੋਂ ਕੱਢਣ ਦੇ ਸਵਾਲ ‘ਤੇ ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸੇ ਨੂੰ ਵੀ ਕੱਢਣ ਦਾ ਅਧਿਕਾਰ ਸਿਰਫ ਜਨਤਾ ਕੋਲ ਹੈ। ਲਖਨਊ ‘ਚ ਹੋਈ ਬੈਠਕ ਬਾਰੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਕੋਈ ਵੀ ਖੁਦ ਨੂੰ ਪ੍ਰਧਾਨ ਮੰਤਰੀ ਐਲਾਨ ਸਕਦਾ ਹੈ।
ਦੂਜੇ ਪਾਸੇ ਬੀਕੇਯੂ ਦੇ ਕੌਮੀ ਜਨਰਲ ਸਕੱਤਰ ਯੁੱਧਵੀਰ ਸਿੰਘ ਨੇ ਕਿਹਾ ਕਿ ਕੋਈ ਵੀ ਫੈਸਲਾ ਕੌਮੀ ਬਾਡੀ ਦੀ ਮੀਟਿੰਗ ਵਿੱਚ ਹੀ ਲਿਆ ਜਾ ਸਕਦਾ ਹੈ। ਸ੍ਰੀ ਯੁੱਧਵੀਰ ਸਿੰਘ ਨੇ ਕਿਹਾ ਕਿ ਲਖਨਊ ਵਿੱਚ ਮੀਟਿੰਗ ਕਰਨ ਵਾਲੇ ਰਾਜੇਸ਼ ਸਿੰਘ ਚੌਹਾਨ ਵੀ ਉਨ੍ਹਾਂ ਦੀ ਜਥੇਬੰਦੀ ਦੇ ਮੈਂਬਰ ਹਨ। ਉਹ ਸੰਗਠਨ ਵਿੱਚ ਰਾਸ਼ਟਰੀ ਪੱਧਰ ਦੇ ਅਹੁਦੇ ਬਾਰੇ ਫੈਸਲਾ ਆਪ ਨਹੀਂ ਕਰ ਸਕਦਾ। ਇਸ ਦੀ ਪ੍ਰਕਿਰਿਆ ਹੁੰਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਜਥੇਬੰਦੀ ਅਤੇ ਇਸ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।