ਵਡੋਦਰਾ, 25 ਅਗਸਤ
ਰੇਲਵੇ ਵਿੱਚ ਨੌਕਰੀ ਲੈਣ ਖਾਤਰ ਇੱਕ ਉਮੀਦਵਾਰ ਨੇ ਆਪਣੇ ਅੰਗੂਠੇ ਦੀ ਚਮੜੀ ਨੂੰ ਗਰਮ ਤਵੇ ’ਤੇ ਰੱਖ ਕੇ ਉਤਾਰਿਆ ਅਤੇ ਇਸ ਨੂੰ ਆਪਣੇ ਦੋਸਤ ਦੇ ਅੰਗੂਠੇ ਉੱਤੇ ਇਸ ਉਮੀਦ ਨਾਲ ਚਿਪਕਾ ਦਿੱਤਾ ਕਿ ਉਹ ਬਾਇਓਮੈਟਰਿਕ ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚੋਂ ਲੰਘ ਸਕੇ ਅਤੇ ਉਸ ਦੀ ਥਾਂ ਭਰਤੀ ਪ੍ਰੀਖਿਆ ਵਿੱਚ ਬੈਠ ਸਕੇ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਰਜ਼ੀ ਉਮੀਦਵਾਰ ਦੇ ਅੰਗੂਠੇ ਦੇ ਚਿਪਕਾਈ ਗਈ ਚਮੜੀ ਉਦੋਂ ਲਹਿ ਗਈ, ਜਦੋਂ 22 ਅਗਸਤ ਨੂੰ ਗੁਜਰਾਤ ਦੇ ਵਡੋਦਰਾ ਵਿੱਚ ਰੇਲਵੇ ਭਰਤੀ ਪ੍ਰੀਖਿਆ ਤੋਂ ਪਹਿਲਾਂ ਬਾਇਓਮੈਟਰਿਕ ਵੈਰੀਫਿਕੇਸ਼ਨ ਦੌਰਾਨ ਪ੍ਰੀਖਿਆ ਸੁਪਰਵਾਈਜ਼ਰ ਨੇ ਉਸ ਦੇ ਹੱਥ ’ਤੇ ਸੈਨੇਟਾਈਜ਼ਰ ਛਿੜਕਿਆ। ਵਧੀਕ ਪੁਲੀਸ ਕਮਿਸ਼ਨਰ ਐੱਸਐੱਮ ਵਾਰੋਤਾਰੀਆ ਨੇ ਦੱਸਿਆ ਕਿ ਵਡੋਦਰਾ ਪੁਲੀਸ ਨੇ ਬੁੱਧਵਾਰ ਨੂੰ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ ਹੇਠ ਉਮੀਦਵਾਰ ਮਨੀਸ਼ ਕੁਮਾਰ ਅਤੇ ਰਾਜਾਗੁਰੂ ਗੁਪਤਾ ਵਾਸੀ ਜ਼ਿਲ੍ਹਾ ਮੁੰਗੇਰ ਬਿਹਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਦੋਵਾਂ ਨੌਜਵਾਨਾਂ ਦੀ ਉਮਰ ਕਰੀਬ 20 ਸਾਲ ਅਤੇ ਉਨ੍ਹਾਂ ਹਾਲ ਹੀ ਵਿੱਚ ਬਾਰ੍ਹਵੀਂ ਕਲਾਸ ਪਾਸ ਕੀਤੀ ਸੀ। ਵਡੋਦਰਾ ਦੇ ਲਛਮੀਪੁਰਾ ਪੁਲੀਸ ਥਾਣੇ ਵਿੱਚ ਦਰਜ ਐੱਫਆਈਆਰ ਅਨੁਸਾਰ ਰੇਲਵੇ ਨੇ ‘ਡੀ’ ਸਮੂਹ ਦੀਆਂ ਨਿਯੁਕਤੀਆਂ ਲਈ ਭਰਤੀ ਪ੍ਰੀਖਿਆ ਵਾਸਤੇ ਇੱਕ ਨਿੱਜੀ ਕੰਪਨੀ ਨੂੰ ਜ਼ਿੰਮੇਵਾਰੀ ਸੌਂਪੀ ਸੀ ਅਤੇ ਇਹ ਪ੍ਰੀਖਿਆ ਲਛਮੀਪੁਰਾ ਇਲਾਕੇ ਵਿੱਚ 22 ਅਗਸਤ ਨੂੰ ਲਈ ਗਈ ਸੀ, ਜਿਸ ਵਿੱਚ ਕਰੀਬ 600 ਪ੍ਰੀਖਿਆਰਥੀ ਸ਼ਾਮਲ ਹੋਏ ਸਨ। -ਪੀਟੀਆਈ