ਮੁੰਬਈ, 27 ਨਵੰਬਰ
ਮਹਾਰਾਸ਼ਟਰ ਸੀਆਈਡੀ ਵੱਲੋਂ ਮੁੰਬਈ ਪੁਲੀਸ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਉਨ੍ਹਾਂ ਖ਼ਿਲਾਫ਼ ਜਬਰੀ ਵਸੂਲੀ ਦੇ ਦੋਸ਼ ਹੇਠ ਦਰਜ ਦੋ ਕੇਸਾਂ ਦੇ ਸਬੰਧ ਵਿਚ ਬਿਆਨ ਦਰਜ ਕਰਵਾਉਣ ਲਈ ਅਗਲੇ ਹਫ਼ਤੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ। ਪਰਮਬੀਰ ਸਿੰਘ ਖ਼ਿਲਾਫ਼ ਦੋਵੇਂ ਕੇਸਾਂ ਦੀ ਪੜਤਾਲ ਸੀਆਈਡੀ ਵੱਲੋਂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਸੀਆਈਡੀ ਵੱਲੋਂ ਇਸ ਸੀਨੀਅਰ ਪੁਲੀਸ ਅਧਿਕਾਰੀ ਨੂੰ ਇਕ ਨੋਟਿਸ ਜਾਰੀ ਕਰ ਕੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪਰਮਬੀਰ ਸਿੰਘ ਦੇ ਸੀਆਈਡੀ ਸਾਹਮਣੇ ਸੋਮਵਾਰ ਅਤੇ ਮੰਗਲਵਾਰ ਨੂੰ ਪੇਸ਼ ਹੋਣ ਦੀ ਆਸ ਹੈ। ਉਹ ਸੀਆਈਡੀ ਦੇ ਨਵੀਂ ਮੁੰਬਈ ਵਿਚ ਪੈਂਦੇ ਬੇਲਾਪੁਰ ਸਥਿਤ ਦਫ਼ਤਰ ਵਿਚ ਪੇਸ਼ ਹੋਣਗੇ। ਸੀਆਈਡੀ ਵੱਲੋਂ ਪਰਮਬੀਰ ਸਿੰਘ ਖ਼ਿਲਾਫ਼ ਦੱਖਣੀ ਮੁੰਬਈ ਦੇ ਮੈਰੀਨ ਡਰਾਈਵ ਪੁਲੀਸ ਥਾਣੇ ਅਤੇ ਠਾਣੇ ਵਿਚ ਪੈਂਦੇ ਕੋਪਰੀ ਪੁਲੀਸ ਥਾਣੇ ’ਚ ਦਰਜ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ, ‘‘ਸੀਆਈਡੀ ਇਨ੍ਹਾਂ ਮਾਮਲਿਆਂ ਵਿਚ ਸਿੰਘ ਦੀ ਭੂਮਿਕਾ ਜਾਣਨਾ ਚਾਹੁੰਦੀ ਹੈ, ਇਸ ਵਾਸਤੇ ਏਜੰਸੀ ਵੱਲੋਂ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਇਕ ਪ੍ਰਸ਼ਨ ਪੱਤਰ ਵੀ ਤਿਆਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੀਆਈਡੀ ਵੱਲੋਂ ਮੈਰੀਨ ਡਰਾਈਵ ਕੇਸ ਦੇ ਸਬੰਧ ਵਿਚ ਪੁਲੀਸ ਇੰਸਪੈਕਟਰ ਨੰਦ ਕੁਮਾਰ ਗੋਪਾਲ ਅਤੇ ਆਸ਼ਾ ਕੋਰਕੇ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਵੀਰਵਾਰ ਨੂੰ ਚੰਡੀਗੜ੍ਹ ਤੋਂ ਪਰਤਣ ਮਗਰੋਂ ਪਰਮਬੀਰ ਸਿੰਘ ਮੁੰਬਈ ਅਪਰਾਧ ਸ਼ਾਖ਼ਾ ਅੱਗੇ ਪੇਸ਼ ਹੋਏ ਸਨ ਜਦਕਿ ਅਗਲੇ ਦਿਨ ਉਨ੍ਹਾਂ ਕੋਲੋਂ ਠਾਣੇ ਨਗਰ ਪੁਲੀਸ ਵੱਲੋਂ ਪੁੱਛਗਿਛ ਕੀਤੀ ਗਈ ਸੀ। ਆਈਪੀਐੱਸ ਅਧਿਕਾਰੀ ਮਹਾਰਾਸ਼ਟਰ ਵਿਚ ਜਬਰੀ ਵਸੂਲੀ ਦੇ ਘੱਟੋ-ਘੱਟ ਪੰਜ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਅਧਿਕਾਰੀ ਨੂੰ ਗ੍ਰਿਫ਼ਤਾਰੀ ਤੋਂ ਆਰਜ਼ੀ ਛੋਟ ਦਿੱਤੀ ਗਈ ਹੈ। -ਪੀਟੀਆਈ