ਨਵੀਂ ਦਿੱਲੀ, 8 ਅਪਰੈਲ
ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਭ੍ਰਿਸ਼ਟਾਚਾਰ ਦੇ ਸੰਜੀਦਾ ਦੋਸ਼ ਲਾਉਣ ਤੋਂ ਇਕ ਦਿਨ ਮਗਰੋਂ ਭਾਜਪਾ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਸਰਕਾਰ ਦਾ ਇਕੋ ਇਕ ਏਜੰਡਾ ਜਬਰੀ ਪੈਸੇ ਉਗਰਾਹੁਣਾ ਹੈ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈ। ਇਥੇ ਪਾਰਟੀ ਹੈੱਡਕੁਆਰਟਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵਜ਼ੇ ਦੇ ਬਚਾਅ ਕਰਨ ਲਈ ਸ਼ਿਵ ਸੈਨਾ ਸੁਪਰੀਮੋ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਕਾਫੀ ਰਗੜੇ ਲਾਏ। ਜਾਵੜੇਕਰ ਨੇ ਕਿਹਾ ਕਿ ਠਾਕਰੇ ਤੇ ਸੰਜੈ ਰਾਊਤ ਵਿਵਾਦਿਤ ਪੁਲੀਸ ਅਧਿਕਾਰੀ (ਵਜ਼ੇ) ਦਾ ਬਚਾਅ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਸੱਚ ਬਾਹਰ ਨਾ ਆ ਜਾਵੇ। -ਪੀਟੀਆਈ