ਨਵੀਂ ਦਿੱਲੀ: ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਤੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਪੈਟਰੀਸ਼ੀਆ ਲੈਸਿਨਾ ਨੇ ਅੱਜ ਕੋਵਿਡ-19 ਮਹਾਮਾਰੀ ਤੇ ਸਾਂਝੇ ਹਿੱਤਾਂ ਵਾਲੇ ਖੇਤਰੀ ਮੁੱਦਿਆਂ ਤੋਂ ਇਲਾਵਾ ਦੁਵੱਲੇ ਰਿਸ਼ਤਿਆਂ ’ਤੇ ਚਰਚਾ ਕੀਤੀ। ਅਮਰੀਕੀ ਅੰਬੈਸੀ ਨੇ ਵਿਦੇਸ਼ ਸਕੱਤਰ ਸ਼੍ਰਿੰਗਲਾ ਨੂੰ ਵੱਖ ਵੱਖ ਮੁੱਦਿਆਂ ’ਤੇ ਚਰਚਾ ਲਈ ਸੱਦਿਆ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਉਨ੍ਹਾਂ ਗੱਲਬਾਤ ਦੌਰਾਨ ਕੋਵਿਡ ਮਹਾਮਾਰੀ, ਭਾਰਤ-ਅਮਰੀਕਾ ਸਬੰਧਾਂ ਤੇ ਸਾਂਝੇ ਹਿਤਾਂ ਵਾਲੇ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਇਸ ਹਫ਼ਤੇ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਦੋਵੇਂ ਮੁਲਕ ਨਵੇਂ ਸਾਲ 2022 ਵਿੱਚ ਕਰੋਨਾ ਮਹਾਮਾਰੀ ਖਿਲਾਫ਼ ਲੜਾਈ, ਵਾਤਾਵਰਨ ਤਬਦੀਲੀ, ਕੁਐੱਡ ਤੇ ਨਵੀਆਂ ਤੇ ਉਭਰਦੀਆਂ ਤਕਨੀਕਾਂ ਸਮੇਤ ਹੋਰ ਕਈ ਪਹਿਲਕਦਮੀਆਂ ਦੀ ਦਿਸ਼ਾ ’ਚ ਅੱਗੇ ਵਧਣਗੇ। -ਪੀਟੀਆਈ