ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 27 ਮਈ
ਕਰੋਨਾ ਵੈਕਸੀਨ ਦੀ ਕਿੱਲਤ ਤੇ ਸੂਬਿਆਂ ਵੱਲੋਂ ਸਪਲਾਈ ਬਾਰੇ ਲਗਾਤਾਰ ਸਵਾਲ ਪੁੱਛਣ ਦਰਮਿਆਨ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਵਿਦੇਸ਼ੀ ਵੈਕਸੀਨਾਂ ਦੀ ਸਪਲਾਈ ਜਦੋਂ ਚਾਹਿਆ ਉਦੋਂ ਉਪਲਬਧ ਨਹੀਂ ਹੈ ਤੇ ਇਨ੍ਹਾਂ ਦੀ ਛੇਤੀ ਦਰਾਮਦ ਲਈ ਕੋਸ਼ਿਸ਼ਾਂ ਜਾਰੀ ਹਨ। ਕੋਵਿਡ ਵੈਕਸੀਨਾਂ ਬਾਰੇ ‘ਮਿਥ ਤੇ ਤੱਥ’ ਤੇ ਭਾਰਤ ਸਰਕਾਰ ਦੀ ਪ੍ਰਤੀਕਿਰਿਆ ਨਾਂ ਹੇਠ ਜਾਰੀ ਬਿਆਨ ਵਿੱਚ ਸਰਕਾਰ ਨੇ ਕਿਹਾ ਕਿ ਵਿਦੇਸ਼ੀ ਵੈਕਸੀਨਾਂ ਦੀ ਦਰਾਮਦ ਲਈ ਨਿਰਮਾਤਾਵਾਂ ਨਾਲ ਗੱਲਬਾਤ ਜਾਰੀ ਹੈ ਤੇ ਸੂਬਾ ਸਰਕਾਰਾਂ ਦੇ ਵਿਦੇਸ਼ੀ ਨਿਰਮਾਤਾਵਾਂ ਤੋਂ ਸਿੱਧੇ ਵੈਕਸੀਨਾਂ ਖਰੀਦਣ ਵਿੱਚ ਨਾਕਾਮ ਰਹਿਣ ਤੋਂ ਕੇਂਦਰ ਸਰਕਾਰ ਦੇ ਇਸ ਬਿਆਨ ਦੀ ਪੁਸ਼ਟੀ ਹੁੰਦੀ ਹੈ ਕਿ ਆਲਮੀ ਪੱਧਰ ’ਤੇ ਵੈਕਸੀਨਾਂ ਦੀ ਸਪਲਾਈ ਵਿੱਚ ਵੱਡੀ ਕਿੱਲਤ ਹੈ।