ਨਵੀਂ ਦਿੱਲੀ, 22 ਮਈ
ਭਾਰਤ ਸਰਕਾਰ ਨੇ ਅੱਜ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ‘ਕੋਵੈਕਸੀਨ’ ਟੀਕਾ ਲਵਾਉਣ ਵਾਲਿਆਂ ਨੂੰ ਵਿਦੇਸ਼ ਯਾਤਰਾ ਕਰਨ ਵਿਚ ਮੁਸ਼ਕਲ ਆ ਸਕਦੀ ਹੈ ਕਿਉਂਕਿ ਕਈ ਮੁਲਕਾਂ ਨੇ ਅਜੇ ਇਹ ਵੈਕਸੀਨ ਮਨਜ਼ੂਰ ਨਹੀਂ ਕੀਤਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯਾਤਰਾ ’ਤੇ ਪਾਬੰਦੀਆਂ ਬਾਰੇ ਅਜਿਹੇ ਦਾਅਵੇ ਬੇਬੁਨਿਆਦ ਹਨ। ਜਾਵੜੇਕਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ‘ਕੋਵੈਕਸੀਨ’ ਲਵਾਉਣ ਵਾਲੇ ਲੋਕਾਂ ਦੇ ਵਿਦੇਸ਼ ਯਾਤਰਾ ਕਰਨ ’ਤੇ ਰੋਕ ਲਾਉਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਜਾਵੜੇਕਰ ਨੇ ਕਿਹਾ ਕਿ ਇਹ ਵੈਕਸੀਨ ਸਭ ਤੋਂ ਵੱਧ ਪ੍ਰਭਾਵੀ ਟੀਕਿਆਂ ਵਿਚੋਂ ਇਕ ਹੈ। ਕਈ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ 130 ਤੋਂ ਵੱਧ ਮੁਲਕਾਂ ਨੇ ਸੀਰਮ ਇੰਸਟੀਚਿਊਟ ਦੀ ‘ਕੋਵੀਸ਼ੀਲਡ’ ਨੂੰ ਹੀ ਮਨਜ਼ੂਰੀ ਦੀ ਸੂਚੀ ਵਿਚ ਰੱਖਿਆ ਹੈ ਤੇ ਇਸ ਨੂੰ ਲਵਾਉਣ ਵਾਲਿਆਂ ਨੂੰ ਹੀ ਮੁਲਕ ਵਿਚ ਦਾਖਲ ਹੋਣ ਦਿੱਤਾ ਜਾਵੇਗਾ। ਜਦਕਿ ‘ਕੋਵੈਕਸੀਨ’ ਸਿਰਫ਼ ਨੌਂ ਦੇਸ਼ਾਂ ਵਿਚ ਮਨਜ਼ੂਰ ਕੀਤੀ ਜਾ ਰਹੀ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੋਵੈਕਸੀਨ ਡਬਲਿਊਐਚਓ ਦੀ ਵਰਤੋਂ ਵਾਲੀ ਹੰਗਾਮੀ ਸੂਚੀ ਵਿਚ ਵੀ ਨਹੀਂ ਹੈ। ਸਿਹਤ ਸੰਗਠਨ ਦੇ ਤਾਜ਼ਾ ਦਸਤਾਵੇਜ਼ ਦੱਸਦੇ ਹਨ ਕਿ ਭਾਰਤ ਬਾਇਓਟੈੱਕ ਨੇ ਟੀਕੇ ਨੂੰ ‘ਐਮਰਜੈਂਸੀ’ ਮਨਜ਼ੂਰੀ ਦੇਣ ਦੀ ਮੰਗ ਕੀਤੀ ਸੀ ਪਰ ‘ਹੋਰ ਜਾਣਕਾਰੀ ਮੰਗੀ ਗਈ ਹੈ।’ ਭਾਰਤ ਬਾਇਓਟੈੱਕ ਨੇ ਹਾਲੇ ਇਨ੍ਹਾਂ ਰਿਪੋਰਟਾਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
-ਆਈਏਐਨਐੱਸ