ਮੁੰਬਈ, 25 ਜਨਵਰੀ
ਮੁੰਬਈ ਪੁਲੀਸ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਬਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀਏਆਰਸੀ) ਦੇ ਸਾਬਕਾ ਕਾਰਜਕਾਰੀ ਅਧਿਕਾਰੀ (ਸੀਈਓ) ਪਾਰਥੋ ਦਾਸਗੁਪਤਾ ਦੀ ਹਾਲਤ ਸਥਿਰ ਹੈ। ਉਸ ਨੂੰ ਇੱਕ ਟੀਆਰਪੀ ਘੁਟਾਲੇ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਵਕੀਲ ਨੇ ਜਸਟਿਸ ਪੀ.ਡੀ. ਨਾਇਕ ਦੇ ਬੈਂਚ ਨੂੰ ਦੱਸਿਆ ਕਿ ਤਾਲੋਜਾ ਜੇਲ੍ਹ ’ਚ ਬੰਦ ਦਾਸਗੁਪਤਾ ਨੂੰ ਸਾਰੀਆਂ ਲੋੜੀਂਦੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਾਈ ਕੋਰਟ ਵੱਲੋਂ ਦਾਸਗੁਪਤਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਦਾਸਗੁਪਤਾ ਦੇ ਵਕੀਲ ਨੇ ਕਿਹਾ ਕਿ ਭਾਵੇਂ ਮੈਡੀਕਲ ਰਿਪੋਰਟਾਂ ਮੁਤਾਬਕ ਪਾਰਥੋ ਦੀ ਹਾਲਤ ਸਥਿਰ ਹੈ ਪਰ ਉਹ ਅਕਸਰ ਬੇਸੁਰਤੀ ਦੀ ਹਾਲਤ ’ਚ ਜਾਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸ ਕਰਕੇ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਜਸਟਿਸ ਨਾਇਕ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕੇਸ ਸਬੰਧੀ ਚਾਰਜਸ਼ੀਟ ਅਤੇ ਹੇਠਲੀ ਦੇ ਹੁਕਮਾਂ ਦੀ ਕਾਪੀ ਦਾਖ਼ਲ ਕਰਵਾਉਣ ਦੀ ਹਦਾਇਤ ਕਰਦਿਆਂ ਜ਼ਮਾਨਤ ਅਰਜ਼ੀ ’ਤੇ ਸੁਣਵਾਈ 2 ਫਰਵਰੀ ਤਕ ਮੁਲਤਵੀ ਕਰ ਦਿੱਤੀ। -ਪੀਟੀਆਈ