ਨਵੀਂ ਦਿੱਲੀ, 28 ਅਕਤੂਬਰ
ਸਾਬਕਾ ਕੰਪਟਰੋਲਰ ਤੇ ਆਡਿਟ ਜਨਰਲ (ਕੈਗ) ਵਿਨੋਦ ਰਾਏ ਨੇ ਕਾਂਗਰਸ ਆਗੂ ਸੰਜੈ ਨਿਰੂਪਮ ਖ਼ਿਲਾਫ਼ ਕੀਤੀਆਂ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਵਿਨੋਦ ਰਾਏ ਨੇ ਕਿਹਾ ਕਿ ਉਹ ਗ਼ਲਤੀ ਨਾਲ ਨਿਰੂਪਮ ਦਾ ਨਾਮ ਲੈ ਬੈਠੇ ਸਨ। ਕਾਬਿਲੇਗੌਰ ਹੈ ਕਿ ਸਾਬਕਾ ਕੈਗ ਨੇ ਸਾਲ 2014 ਵਿੱਚ ਆਈ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਸੀ ਕਿ 2ਜੀ ਸਪੈਕਟ੍ਰਮ ਦੀ ਵੰਡ ਨੂੰ ਲੈ ਕੇ ਕੈਗ ਰਿਪੋਰਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਮ ਨਾ ਲਏ ਜਾਣ ਲਈ ਉਨ੍ਹਾਂ ’ਤੇ ਦਬਾਅ ਬਣਾਉਣ ਵਾਲੇ ਸੰਸਦ ਮੈਂਬਰਾਂ ’ਚੋਂ ਸੰਜੈ ਨਿਰੂਪਮ ਇਕ ਸਨ। ਰਾਏ ਨੇ ਮਗਰੋਂ ਮੀਡੀਆ ਨੂੰ ਦਿੱਤੀਆਂ ਇੰਟਰਵਿਊ ਵਿੱਚ ਵੀ ਇਨ੍ਹਾਂ ਦੋਸ਼ਾਂ ਨੂੰ ਦੁਹਰਾਇਆ ਸੀ। ਨਿਰੂਪਮ ਨੇ ਰਾਏ ਖਿਲਾਫ਼ ਮਾਣਹਾਨੀ ਕੇਸ ਦਰਜ ਕੀਤਾ ਸੀ।
ਪਟਿਆਲਾ ਹਾਊਸ ਦੀ ਮੈਟਰੋਪਾਲਿਟਨ ਮੈਜਿਸਟਰੇਟ ਦੀ ਕੋਰਟ ਨੇ ਨਿਰੂਪਮ ਵੱਲੋਂ ਰਾਏ ਦਾ ਮੁਆਫ਼ੀਨਾਮਾ ਸਵੀਕਾਰ ਕਰ ਲੈਣ ਦੇ ਬਿਆਨ ਦਰਜ ਕਰਨ ਮਗਰੋਂ ਕੇਸ ਨੂੰ ਬੰਦ ਕਰ ਦਿੱਤਾ। ਨਿਰੂਪਮ ਦੇ ਵਕੀਲ ਆਰ.ਕੇ.ਹਾਂਡੂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਵਿਨੋਦ ਰਾਏ ਨੂੰ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਹੈ। ਕਿਉਂ ਜੋ ਨਿਰੂਪਮ ਨੇ ਉਨ੍ਹਾਂ ਦੀ ਮੁਆਫ਼ੀ ਸਵੀਕਾਰ ਕਰ ਲਈ ਹੈ, ਲਿਹਾਜ਼ਾ ਉਨ੍ਹਾਂ ਦੇ ਬਿਆਨ ਦਰਜ ਕਰਨ ਮਗਰੋਂ ਕੇਸ ਬੰਦ ਕਰ ਦਿੱਤਾ ਗਿਆ ਹੈ।’’ ਰਾਏ ਨੇ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਕਿਹਾ ਕਿ ਉਹ ਗ਼ਲਤੀ ਨਾਲ ਨਿਰੂਪਮ ਦਾ ਨਾਂ ਲੈ ਬੈਠੇ ਸਨ। ਸਾਬਕਾ ਕੈਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਰੂਪਮ ਖਿਲਾਫ਼ ਟੈਲੀਵਿਜ਼ਨ ਤੇ ਕਿਤਾਬ ਵਿੱਚ ਕੀਤੀਆਂ ਟਿੱਪਣੀਆਂ ‘ਵਾਸਤਵਿਕ ਰੂਪ ’ਚ ਗ਼ਲਤ ਹਨ’। ਰਾਏ ਨੇ ਕਿਹਾ, ‘‘ਮੈਂ ਆਪਣੇ ਕਥਨਾਂ ਨਾਲ ਸੰਜੈ ਨਿਰੂਪਮ, ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੀ ਸੁੱਖ ਮੰਗਣ ਵਾਲਿਆਂ ਨੂੰ ਪੁੱਜੀ ਪੀੜ ਤੇ ਵੇਦਨਾ ਨੂੰ ਸਮਝ ਸਕਦਾ ਹਾਂ। ਲਿਹਾਜ਼ਾ ਮੈਂ ਆਪਣੇ ਬਿਆਨਾਂ ਨਾਲ ਸੰਜੈ ਨਿਰੂਪਮ ਨੂੰ ਵੱਜੀ ਸੱਟ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਦਾ ਹਾਂ।’’ -ਪੀਟੀਆਈ