ਮੇਰਠ: ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਤੇਜ਼ ਗੇਦਬਾਜ਼ ਪ੍ਰਵੀਨ ਕੁਮਾਰ ਅਤੇ ਉਸ ਦਾ ਪੁੱਤਰ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਸਾਬਕਾ ਕ੍ਰਿਕਟ ਖਿਡਾਰੀ ਦੀ ਐੱਸਯੂਵੀ ਨੂੰ ਇੱਕ ਕੈਂਟਰ ਵੱਲੋਂ ਟੱਕਰ ਮਾਰਨ ਕਾਰਨ ਇਹ ਹਾਦਸਾ ਵਾਪਰਿਆ। ਭਾਰਤ ਲਈ ਛੇ ਟੈਸਟ, 68 ਇੱਕ ਰੋਜ਼ਾ ਅਤੇ 10 ਟੀ-20 ਖੇਡ ਚੁੱਕੇ ਪ੍ਰਵੀਨ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਠੀਕ ਹਨ। ਉਸ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਨੂੰ ਛੱਡਣ ਗਿਆ ਸੀ, ਜਦੋਂ ਤੇਜ਼ ਰਫ਼ਤਾਰ ਇੱਕ ਵੱਡੇ ਟਰੱਕ ਨੇ ਰਾਤ 9:30 ਵਜੇ ਦੇ ਕਰੀਬ ਉਸ ਦੀ ਕਾਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਸਾਬਕਾ ਖਿਡਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸਰਕਲ ਅਧਿਕਾਰੀ (ਸਿਵਲ ਲਾਈਨ) ਅਰਵਿੰਦ ਚੌਰਸੀਆ ਨੇ ਦੱਸਿਆ ਕਿ ਬਾਗਪਤ ਰੋਡ ’ਤੇ ਮੁਲਤਾਨ ਨਗਰ ਦਾ ਰਹਿਣ ਵਾਲਾ ਪ੍ਰਵੀਨ ਕੁਮਾਰ ਆਪਣੇ ਪੁੱਤਰ ਨਾਲ ਕਾਰ ਵਿੱਚ ਪਾਂਡਵ ਨਗਰ ਤੋਂ ਆ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆਈ